ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪੰਜਾਬ ਦੇ ਸੱਦੇ ‘ਤੇ ਤਹਿਤ ਅੱਜ ਰੋਡਵੇਜ਼ ਦੇ ਸਮੂਹ ਡਿਪੂਆਂ ਅੱਗੇ ਗੇਟ ਰੈਲੀ ਕੀਤੀ ਹੈ। ਇਸ ਗੇਟ ਰੈਲੀ ਵਿੱਚ ਸਮੂਹ ਵਰਕਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ।ਇਸ ਦੌਰਾਨ ਰੋਡਵੇਜ਼, ਪਨਬਸ ਕਾਮਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ 2 ਤੋਂ 4 ਜੁਲਾਈ ਤੱਕ ਤਿੰਨ ਦਿਨ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ।ਇਸ ਗੇਟ ਰੈਲੀ ਦੀ ਪ੍ਰਧਾਨਗੀ ਕਰਦੇ ਹੋਏ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਅਤੇ ਉੱਚ ਅਧਿਕਾਰੀਆਂ ਵੱਲੋਂ ਵਾਰ-ਵਾਰ ਮੀਟਿੰਗਾਂ ਕਰਕੇ ਬੇਸਿੱਟਾ ਸਾਬਤ ਕਰਕੇ ਟਾਈਮ ਟਪਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੀਰਵਾਰ ਨੂੰ ਡਾਇਰੈਕਟਰ ਟਰਾਂਸਪੋਰਟ ਨਾਲ ਵੀ ਮੀਟਿੰਗ ਹੋਈ ਸੀ।ਜਿਸ ਵਿੱਚ ਪਨਬੱਸ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਅਤੇ ਜਾਇਜ਼ ਮੰਗਾਂ ਦੱਸੀਆਂ ਗਈਆਂ, ਜਿਸ ਵਿੱਚ ਟਰਾਂਸਪੋਰਟ ਮੰਤਰੀ ਦਾ ਕਹਿਣਾ ਸੀ ਕਿ ਪਨਬੱਸ ਯੂਨੀਅਨ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ, ਤੁਸੀਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਾਰੀਆਂ ਮੰਗਾਂ ਦਾ ਵੇਰਵਾ ਬਣਾਓ, ਦੁਬਾਰਾ ਫਿਰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਕਰਕੇ ਹੜਤਾਲ ਤੋਂ ਪਹਿਲੋਂ ਪਹਿਲੋਂ ਮੰਗਾਂ ਦਾ ਹੱਲ ਕੀਤਾ ਜਾਵੇਗਾ।ਇਸ ਦੌਰਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨ ਡਾਇਰੈਕਟਰ ਸਟੇਟ ਟਰਾਂਸਪੋਰਟ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਉੱਚ ਅਧਿਕਾਰੀਆਂ ਵੱਲੋਂ ਟਾਲ਼ਾ ਵੱਟੂ ਅਤੇ ਟਾਈਮ ਟਪਾਉਣ ਦੀ ਨੀਤੀ ਸਾਹਮਣੇ ਆਈ ,ਕਿਉਂਕਿ ਕੁਝ ਉੱਚ ਅਧਿਕਾਰੀਆਂ ਅਤੇ ਕਥਿਤ ਤੌਰ ‘ਤੇ ਭ੍ਰਿਸ਼ਟ ਅਫ਼ਸਰਾਂ ਦੀ ਪ੍ਰਾਈਵੇਟ ਮਾਫ਼ੀਏ ਨਾਲ ਮਿਲੀਭੁਗਤ ਕਰਕੇ ਇਹ ਅਫ਼ਸਰ ਹੜਤਾਲ ਕਰਵਾਉਣਾ ਚਾਹੁੰਦੇ ਹਨ।
ਇਸ ਮੌਕੇ ਜਨਰਲ ਸੈਕਟਰੀ ਕੰਵਲਜੀਤ ਸਿੰਘ ਮਾਨੋਚਾਹਲ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਰੋਡਵੇਜ਼ ਮਹਿਕਮੇ ਦੇ ਉੱਚ ਅਧਿਕਾਰੀ ਅਤੇ ਭ੍ਰਿਸ਼ਟ ਅਫ਼ਸਰ ਪਨਬੱਸ ਵਰਕਰਾਂ ‘ਤੇ ਨਵਾਂ ਠੇਕੇਦਾਰ ਥੋਪਣਾ ਚਾਹੁੰਦੇ ਹਨ, ਜਿਸ ਦੀਆਂ ਸ਼ਰਤਾਂ ਬਹੁਤ ਸਖ਼ਤ ਹਨ। ਪਹਿਲੋਂ ਗੈਰ ਹਾਜ਼ਰੀ ਦੇ 525 ਰੁਪਏ ਕੱਟਦੇ ਸਨ, ਹੁਣ 1500 ਰੁਪਏ ਦੇ ਕਰੀਬ ਕੱਟਣੇ ਚਾਹੁੰਦੇ ਹਨ। ਮਸ਼ੀਨ ਗੁੰਮ ਹੋਣ ਜਾਂ ਖ਼ਰਾਬ ਹੋਣ ‘ਤੇ 100000 ਪਾਉਣੇ ਚਾਹੁੰਦੇ ਹਨ। ਇਸੇ ਤਰ੍ਹਾਂ ਅਚਾਨਕ ਹੋਏ ਐਕਸੀਡੈਂਟ ਤੇ ਲੱਖਾਂ ਰੁਪਏ ਕੱਟਣੇ ਚਾਹੁੰਦੇ ਹਨ, ਜਦੋਂਕਿ ਠੇਕੇਦਾਰ ਨੂੰ ਬਾਹਰ ਕਰਨ ਨਾਲ 76,86,000 ਰੁਪਏ ਕਮਿਸ਼ਨ ਅਤੇ ਜੀਐੱਸਟੀ ਦਾ ਖਰਚਾ ਵੀ ਬਚਦਾ ਹਨ, ਹੋਰ ਵੀ ਲੱਖਾਂ ਰੁਪਏ ਬਚਦੇ ਹਨ।
ਉਨ੍ਹਾਂ ਆਖਿਆ ਕਿ ਇਨ੍ਹਾਂ ਸਾਰੀਆਂ ਮੰਗਾਂ ਨੂੰ ਮਨਵਾਉਣ ਲਈ ਪਨਬੱਸ ਦੇ ਸਮੂਹ ਵਰਕਰ ਨੇ ਹੜਤਾਲ ‘ਤੇ ਜਾਣ ਦਾ ਅਤੇ ਉੱਚ ਅਧਿਕਾਰੀ ਭ੍ਰਿਸ਼ਟ ਅਫ਼ਸਰਾਂ ਦੇ ਪੁਤਲੇ ਫੂਕਣ ਦਾ ਫ਼ੈਸਲਾ ਕੀਤਾ ਹੈ।ਉਨ੍ਹਾਂ ਕਿਹਾ ਕਿ 2 ਜੁਲਾਈ 2019 ਨੂੰ ਮੁਕੰਮਲ ਹੜਤਾਲ ਕਰਕੇ ਭ੍ਰਿਸ਼ਟ ਅਫ਼ਸਰਾਂ ਦੇ ਪੰਜਾਬ ਦੇ ਬੱਸ ਅੱਡੇ ਬੰਦ ਕਰਕੇ ਪੁਤਲੇ ਫੂਕੇ ਜਾਣਗੇ ਅਤੇ ਸੜਕਾਂ ਉੱਤੇ ਰੋਸ ਮਾਰਚ ਕੀਤੇ ਜਾਣਗੇ।ਇਸ ਤੋਂ ਇਲਾਵਾ 3 ਜੁਲਾਈ ਅਤੇ 4 ਜੁਲਾਈ ਨੂੰ ਹੜਤਾਲ ਕਰਕੇ ਪਟਿਆਲਾ ਜਾਂ ਟਰਾਂਸਪੋਰਟ ਮੰਤਰੀ ਦੀ ਰਿਹਾਇਸ਼ ‘ਤੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਮੁੱਖਪਾਲ ਸਿੰਘ ਕੈਸ਼ੀਅਰ, ਅਨਿਲ ਕੁਮਾਰ ਜਨਰਲ ਸੈਕਟਰੀ ਫ਼ਾਜ਼ਿਲਕਾ, ਸੋਰਵ ਸੈਣੀ, ਹਰਜੀਤ ਸਿੰਘ ਆਦਿ ਹਾਜ਼ਰ ਸਨ।