ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਵਿਅਕਤੀ ਜਸਵਿੰਦਰ ਸਿੰਘ ਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਤੇ ਦੋਸ਼ ਲਗਾਏ ਹਨ ਕਿ ਉਸ ਨੇ ਸਾਲ 2007 ਵਿੱਚ ਅਪਰੈਲ ਵਿੱਚ ਬਿਜਲੀ ਦੀ ਮੋਟਰ ਦੇ ਕੁਨੈਕਸ਼ਨ ਲਈ ਅਪਲਾਈ ਕੀਤਾ ਸੀ। ਹੁਣ ਤੱਕ ਉਸ ਨੂੰ ਬਿਜਲੀ ਦੇ ਕੁਨੈਕਸ਼ਨ ਦੀ ਪ੍ਰਾਪਤੀ ਨਹੀਂ ਹੋਈ। ਉਨ੍ਹਾਂ ਕੋਲ 10 ਏਕੜ ਜ਼ਮੀਨ ਹੈ। ਉਹ ਲੱਗਭੱਗ 12 ਸਾਲਾਂ ਤੋਂ ਜਰਨੇਟਰ ਦੀ ਮਦਦ ਨਾਲ ਖੇਤੀ ਕਰ ਰਹੇ ਹਨ। ਪਰ ਉਨ੍ਹਾਂ ਦੇ ਗੁਆਂਢੀ ਨੂੰ ਬਿਨਾਂ ਬੋਰ ਤੋਂ ਅਤੇ ਬਿਨਾਂ ਮੋਟਰ ਦੇ ਕਮਰੇ ਤੋਂ ਕੁਨੈਕਸ਼ਨ ਦੇ ਦਿੱਤਾ ਗਿਆ ਹੈ।

ਕਿਸਾਨ ਜਸਵਿੰਦਰ ਸਿੰਘ ਦੇ ਦੱਸਣ ਅਨੁਸਾਰ ਜਦੋਂ ਉਨ੍ਹਾਂ ਨੇ ਮੋਟਰ ਦੇ ਕੁਨੈਕਸ਼ਨ ਲਈ ਅਪਲਾਈ ਕੀਤਾ ਹੋਇਆ ਸੀ ਤਾਂ ਬਿਜਲੀ ਮੁਲਾਜ਼ਮ ਕਹਿਣ ਲੱਗੇ ਕਿ ਤੁਸੀਂ ਨਾਮ ਦੀ ਬਦਲੀ ਕਰਵਾ ਲਵੋ। ਕਿਉਂਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਜਦੋਂ ਉਨ੍ਹਾਂ ਨੇ ਨਾਮ ਦੀ ਬਦਲੀ ਕਰਵਾ ਲਈ ਤਾਂ ਕਹਿਣ ਲੱਗੇ ਕਿ ਤੁਹਾਡੀ ਤਾਂ ਅਜੇ ਕੁਨੈਕਸ਼ਨ ਦੀ ਵਾਰੀ ਨਹੀਂ ਆਈ। ਪਰ ਉਨ੍ਹਾਂ ਤੋਂ ਬਾਅਦ ਵਿੱਚ ਅਪਲਾਈ ਕਰਨ ਵਾਲਿਆਂ ਨੂੰ ਵਿਭਾਗ ਨੇ ਕੁਨੈਕਸ਼ਨ ਦੇ ਦਿੱਤਾ। ਹਾਲਾਂਕਿ ਨਾ ਤਾਂ ਉਨ੍ਹਾਂ ਨੇ ਮੋਟਰ ਲਈ ਕਮਰਾ ਬਣਾਇਆ ਸੀ ਅਤੇ ਨਾ ਹੀ ਬੋਰ ਕਰਵਾਇਆ ਸੀ।

ਇਸ ਕਰਕੇ ਹੀ ਉਨ੍ਹਾਂ ਨੇ ਘਰ ਦਾ ਕੁਨੈਕਸ਼ਨ ਵੀ ਕਟਵਾ ਦਿੱਤਾ। ਕਿਉਂਕਿ ਉਹ ਸੋਚਦੇ ਹਨ ਕਿ ਜਦੋਂ ਖੇਤੀ ਲਈ ਜਰਨੇਟਰ ਚਲਾਉਣਾ ਹੈ ਤਾਂ ਘਰ ਲਈ ਵੀ ਬਿਜਲੀ ਜਰਨੇਟਰ ਤੋਂ ਹੀ ਵਰਤ ਲੈਣਗੇ। ਇਸ ਤੇ ਬਿਜਲੀ ਵਾਲੇ ਆ ਕੇ ਉਨ੍ਹਾਂ ਦੇ ਘਰੋਂ ਬਿਜਲੀ ਦੀ ਤਾਰ ਚੁੱਕ ਕੇ ਲੈ ਗਏ। ਸਟੈਬਲਾਈਜ਼ਰ ਲੈ ਗਏ ਕਿ ਤੁਸੀਂ ਕੁੰਡੀ ਲਗਾਉਂਦੇ ਹੋਏ। ਉਨ੍ਹਾਂ ਨੇ ਆਪ ਹੀ ਕੁੰਡੀ ਲਗਾ ਕੇ ਵੀਡੀਓ ਬਣਾ ਲਈ ਅਤੇ ਉਨ੍ਹਾਂ ਨੂੰ ਪੰਜ ਲੱਖ ਰੁਪਏ ਜੁਰਮਾਨਾ ਕਰ ਦਿੱਤਾ।

ਜਦੋਂ ਉਹ ਬਿਜਲੀ ਵਿਭਾਗ ਜਾ ਕੇ ਸ਼ਿਕਾਇਤ ਕਰਦੇ ਹਨ ਕਿ ਤੁਸੀਂ ਉਨ੍ਹਾਂ ਦੇ ਗੁਆਂਢੀਆਂ ਨੂੰ ਪਹਿਲਾਂ ਕੁਨੈਕਸ਼ਨ ਕਿਵੇਂ ਦੇ ਦਿੱਤਾ ਤਾਂ ਉਹ ਸ਼ਿਕਾਇਤ ਦਾ ਡਿਸਪੈਚ ਨੰਬਰ ਨਹੀਂ ਦਿੰਦੇ। ਉਹ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ। ਐੱਸਡੀਓ ਉਨ੍ਹਾਂ ਨੂੰ ਕੋਈ ਰਾਹ ਨਹੀਂ ਦੇ ਰਹੇ। ਜਦੋਂ ਮੀਡੀਆ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਵੀ ਉਨ੍ਹਾਂ ਦੀ ਸੀਨੀਅਰਤਾ ਬਣੇਗੀ ਤਾਂ ਉਨ੍ਹਾਂ ਨੂੰ ਕੁਨੈਕਸ਼ਨ ਦੇ ਦਿੱਤਾ ਜਾਵੇਗਾ। ਜਿਹੜੀ ਕਿਸੇ ਨੂੰ ਬਿਨਾਂ ਸੀਨੀਅਰਤਾ ਤੋਂ ਕੁਨੈਕਸ਼ਨ ਦੇਣ ਦੀ ਗੱਲ ਹੈ। ਉਸ ਦੀ ਜਾਂਚ ਕੀਤੀ ਜਾਵੇਗੀ। ਅਧਿਕਾਰੀ ਦਾ ਕਹਿਣਾ ਹੈ ਕਿ ਜਸਵਿੰਦਰ ਸਿੰਘ ਤੇ ਬਿਜਲੀ ਦੀ ਚੋਰੀ ਕਰਨ ਦਾ ਮਾਮਲਾ ਹੈ।