ਜਿਵੇਂ ਜਿਵੇਂ ਵਿਗਿਆਨ ਨੇ ਤਰੱਕੀ ਕੀਤੀ ਹੈ। ਤਿਵੇਂ ਤਿਵੇਂ ਮਨੁੱਖ ਦੀਆਂ ਸਹੂਲਤਾਂ ਵਿੱਚ ਵਾਧਾ ਹੋ ਗਿਆ ਹੈ। ਏਟੀਐੱਮ ਦੀ ਹੋਂਦ ਵਿੱਚ ਆਉਣ ਨਾਲ ਸਮੇਂ ਦੀ ਬੱਚਤ ਹੋਣ ਲੱਗੀ ਹੈ। ਹੁਣ ਦੇਰ ਤੱਕ ਬੈਂਕ ਵਿੱਚ ਲਾਈਨ ਲਗਾ ਕੇ ਨਹੀਂ ਖੜ੍ਹੇ ਰਹਿਣਾ ਪੈਂਦਾ। ਪਰ ਦੂਜੇ ਪਾਸੇ ਲੁਟੇਰਿਆਂ ਨੇ ਆਪਣੇ ਲੁੱਟਣ ਦੇ ਢੰਗ ਤਰੀਕੇ ਵੀ ਬਦਲ ਲਏ ਹਨ। ਮੁਹਾਲੀ ਪੁਲਿਸ ਨੇ ਅਜਿਹੇ ਲੋਕਾਂ ਦਾ ਪਰਦਾਫਾਸ਼ ਕੀਤਾ ਹੈ। ਜੋ ਭੋਲੇ ਭਾਲੇ ਲੋਕਾਂ ਦੇ ਏਟੀਐੱਮ ਕਾਰਡ ਦਾ ਕਲੋਨ ਤਿਆਰ ਕਰਕੇ ਉਨ੍ਹਾਂ ਨੂੰ ਚੂਨਾ ਲਾਉਂਦੇ ਸਨ। ਮੁਹਾਲੀ ਦੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਪੰਜ ਲੁਟੇਰਿਆਂ ਦਾ ਗਰੋਹ ਹੈ।

ਜਿਹੜਾ ਕਿ ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਰੋਪੜ ਜ਼ਿਲ੍ਹਿਆਂ ਤੋਂ ਇਲਾਵਾ ਦਿੱਲੀ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਰਗਰਮ ਸੀ। ਇਹ ਲੁਟੇਰੇ ਕੋਈ ਜ਼ਿਆਦਾ ਪੜ੍ਹੇ ਲਿਖੇ ਵੀ ਨਹੀਂ ਹਨ। ਇਨ੍ਹਾਂ ਦਾ ਠੱਗੀ ਮਾਰਨ ਦਾ ਢੰਗ ਹੀ ਨਿਰਾਲਾ ਹੈ। ਇਹ ਲੋਕ ਏਟੀਐੱਮ ਦੇ ਨੇੜੇ ਤੇੜੇ ਹਾਜ਼ਰ ਰਹਿੰਦੇ ਸਨ। ਜਦੋਂ ਕੋਈ ਅਨਪੜ੍ਹ ਜਾਂ ਘੱਟ ਪੜ੍ਹਿਆ ਲਿਖਿਆ ਜਾਂ ਕੋਈ ਬਜ਼ੁਰਗ ਮਰਦੀਆਂ ਔਰਤ ਏਟੀਐਮ ਤੋਂ ਪੈਸੇ ਕਢਵਾਉਣ ਆਉਂਦੇ ਸਨ ਤਾਂ ਇਹ ਲੋਕ ਉਨ੍ਹਾਂ ਦੀ ਮਦਦ ਕਰਨ ਦੇ ਬਹਾਨੇ ਉਨ੍ਹਾਂ ਕੋਲ ਆ ਜਾਂਦੇ ਸਨ।

ਇਹ ਉਨ੍ਹਾਂ ਤੋਂ ਏਟੀਐੱਮ ਕਾਰਡ ਲੈ ਕੇ ਉਸ ਦਾ ਕਲੋਨ ਤਿਆਰ ਕਰ ਲੈਂਦੇ ਸਨ ਅਤੇ ਏਟੀਐੱਮ ਕਾਰਡ ਦਾ ਪਾਸਵਰਡ ਪਤਾ ਕਰਕੇ ਲਿਖ ਲੈਂਦੇ ਸਨ। ਬਾਅਦ ਵਿੱਚ ਇਹ ਏਟੀਐਮ ਕਾਰਡ ਤਿਆਰ ਕਰਕੇ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਕਢਵਾ ਲੈਂਦੇ ਸਨ। ਇਸ ਤਰ੍ਹਾਂ ਇਹ ਭੋਲੇ ਭਾਲੇ ਲੋਕਾਂ ਨੂੰ ਚੂਨਾ ਲਗਾਉਂਦੇ ਸਨ। ਇਕੱਲੇ ਮੁਹਾਲੀ ਜ਼ਿਲ੍ਹੇ ਵਿੱਚ ਹੀ ਇਨ੍ਹਾਂ ਨੇ 60 ਵਾਰਦਾਤਾਂ ਕੀਤੀਆਂ। ਇਨ੍ਹਾਂ ਪੰਜਾਂ ਵਿੱਚੋਂ ਤਿੰਨ ਲੁਟੇਰੇ ਪੁਲਿਸ ਨੇ ਫੜ ਲਏ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਦਾ ਮੁਖੀ ਸਿਰਫ ਅੱਠਵੀਂ ਪੜ੍ਹਿਆ ਹੋਇਆ ਹੈ। ਦੂਜੇ ਲੁਟੇਰੇ ਵੀ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਬਾਰੇ ਹੋਰ ਖੁਲਾਸੇ ਹੋ ਸਕਣ।