ਕਸ਼ਮੀਰ ਨੂੰ ਲੈ ਕੇ ਹਲਚਲ ਵਧ ਗਈ ਹੈ। ਜਿੱਥੇ ਸੂਬੇ ਦੀ ਸਾਬਕਾ ਸੀ. ਐੱਮ. ਤੇ ਪੀ. ਡੀ. ਪੀ. ਮੁਖੀ ਮਹਿਬੂਬਾ ਮੁਫਤੀ ਅਤੇ ਐੱਨ. ਸੀ. ਨੇਤਾ ਉਮਰ ਅਬਦੁੱਲਾ ਨੂੰ ਨਜ਼ਰਬੰਦ ਕੀਤਾ ਗਿਆ ਹੈ, ਉੱਥੇ ਹੀ ਜੰਮੂ-ਕਸ਼ਮੀਰ ‘ਚ ਮੋਬਾਇਲ ਇੰਟਰਨੈੱਟ ਸੇਵਾ ਤੋਂ ਲੈ ਕੇ ਸਕੂਲ-ਕਾਲਜ ਤਕ ਬੰਦ ਕਰ ਦਿੱਤੇ ਗਏ ਹਨ।ਸੂਬੇ ‘ਚ ਸੀ. ਆਰ. ਪੀ. ਐੱਫ. ਵੀ ਤਾਇਨਾਤ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਬਾਰਡਰ ਤੋਂ ਆਉਣ ਵਾਲੇ ਰਸਤੇ ਵੀ ਸੀਲ ਕਰ ਦਿੱਤੇ ਗਏ ਹਨ।

ਉੱਥੇ ਹੀ, ਜੰਮੂ ਯੂਨੀਵਰਸਿਟੀ ਨੇ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਹਨ। ਕਸ਼ਮੀਰ ‘ਚ ਬ੍ਰਾਡਬੈਂਡ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਕਈ ਜਗ੍ਹਾ 144 ਧਾਰਾ ਲਗਾ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਹਾਲਾਂਕਿ ਲੱਦਾਖ ‘ਚ ਸਕੂਲ-ਕਾਲਜ ਤੇ ਹੋਰ ਵਿੱਦਿਅਕ ਅਦਾਰੇ ਖੁੱਲ੍ਹੇ ਰਹਿਣਗੇ। ਲਦਾਖ ‘ਚ ਧਾਰਾ 144 ਲਾਗੂ ਨਹੀਂ ਕੀਤੀ ਗਈ।

ਸੂਬੇ ’ਚ ਸਕੱਤਰੇਤ, ਪੁਲਸ ਹੈੱਡਕੁਆਰਟਰ, ਏਅਰਪੋਰਟ ਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਚੱਪੇ-ਚੱਪੇ ’ਤੇ ਸੁਰੱਖਿਆ ਫੋਰਸਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਮੌਜੂਦਾ ਘਟਨਾਕ੍ਰਮ ਨੂੰ ਦੇਖਦੇ ਹੋਏ ਵੱਡੇ ਫੈਸਲੇ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ।
