16 ਜੁਲਾਈ ਨੂੰ ਲੱਗਣ ਵਾਲੇ ਖੰਡਗ੍ਰਾਸ ਚੰਦਰ ਗ੍ਰਹਿਣ ਦਾ ਅਸਰ ਦੁਨੀਆ ਦੇ 9 ਦੇਸ਼ਾਂ ‘ਤੇ ਵਿਨਾਸ਼ਕਾਰੀ ਭੂਚਾਲ ਦੇ ਰੂਪ ‘ਚ ਦੇਖਣ ਨੂੰ ਮਿਲ ਸਕਦਾ ਹੈ। ਉਕਤ ਗੱਲਾਂ ਦਾ ਪ੍ਰਗਟਾਵਾ ਪੱਪੀ ਪੰਚਾਂਗ ਦੇ ਲੇਖਕ ਅਤੇ ਜੋਤਿਸ਼ਚਾਰੀਆ ਪੰ. ਸੁਨੀਲ ਦੱਤ ਜੇਤਲੀ ਨੇ ਕਰਦੇ ਹੋਏ ਕਿਹਾ ਕਿ ਇਹ ਗ੍ਰਹਿਣ 16 ਜੁਲਾਈ ਨੂੰ ਰਾਤ 1 ਵੱਜ ਕੇ 34 ਮਿੰਟ ‘ਤੇ ਦਿਖਾਈ ਦੇਵੇਗਾ। ਇਸ ਦੀ ਸਮਾਪਤੀ 17 ਜੁਲਾਈ ਨੂੰ ਸਵੇਰੇ 4 ਵੱਜ ਕੇ 30 ਮਿੰਟ ‘ਤੇ ਹੋਵੇਗੀ।

2 ਘੰਟੇ 56 ਮਿੰਟ ਤੱਕ ਲੱਗਣ ਵਾਲਾ ਇਹ ਗ੍ਰਹਿਣ ਯੂਰਪ, ਏਸ਼ੀਆ, ਆਸਟਰੇਲੀਆ, ਦੱਖਣੀ ਅਮਰੀਕਾ ਅਤੇ ਨਿਊਜ਼ੀਲੈਂਡ ‘ਚ ਦਿਖਾਈ ਦੇਵੇਗਾ। ਧਨ ਅਤੇ ਮਕਰ ਰਾਸ਼ੀ ਵਾਲਿਆਂ ਅਤੇ ਉੱਤਰਸ਼ਾੜ੍ਹਾ ‘ਚ ਜਨਮ ਲੈਣ ਵਾਲੇ ਜਾਤਕਾਂ ਲਈ ਇਹ ਗ੍ਰਹਿਣ ਨੇਸ਼ਟ ਫਲਕਾਰਕ ਹੋਵੇਗਾ। ਗ੍ਰਹਿਣ ਨਾਲ 9 ਦੇਸ਼ਾਂ ‘ਚ ਵਿਨਾਸ਼ਕਾਰੀ ਭੂਚਾਲ ਨਾਲ ਭਾਰੀ ਤਬਾਹੀ ਹੋਣ ਦਾ ਯੋਗ ਹੈ। ਇਨ੍ਹਾਂ ਦੇਸ਼ਾਂ ‘ਚ ਚੀਨ, ਭਾਰਤ, ਪਾਕਿਸਤਾਨ, ਜਾਪਾਨ, ਇੰਡੋਨੇਸ਼ੀਆ, ਤੁਰਕੀ ਅਤੇ ਈਰਾਨ ਮੁੱਖ ਹਨ।

ਦਿੱਲੀ ਅਤੇ ਉੱਤਰ ਭਾਰਤ ‘ਚ ਵੀ ਭੂਚਾਲ ਆਉਣ ਨਾਲ ਜਨ ਧਨ ਦਾ ਭਾਰੀ ਨੁਕਸਾਨ ਹੋਣ ਦਾ ਯੋਗ ਹੈ।ਜੋਤਿਸ਼ਚਾਰੀਆ ਜੇਤਲੀ ਨੇ ਕਿਹਾ ਕਿ ਗਰਭਵਤੀ ਔਰਤਾਂ ਨੂੰ ਗ੍ਰਹਿਣ ‘ਚ ਖਾਸ ਤੌਰ ‘ਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਕਿਉਂਕਿ ਇਸ ਦਾ ਅਸਰ ਉਨ੍ਹਾਂ ਦੀ ਸੰਤਾਨ ‘ਤੇ ਵੀ ਪੈ ਸਕਦਾ ਹੈ। ਗ੍ਰਹਿਣ ਦੇ ਸਮੇਂ ਗਰਭਵਤੀ ਔਰਤਾਂ ਨੂੰ ਬਿਨਾਂ ਗੰਢ ਵਾਲੇ ਕੱਪੜੇ ਪਾਉਣਾ, ਕੈਂਚੀ ਜਾਂ ਚਾਕੂ ਨਾਲ ਕੱਟਣਾ, ਕੱਪੜੇ ਆਦਿ ਦੀ ਸਿਲਾਈ ਕਰਨਾ ਅਤੇ ਕੱਪੜਾ ਨਿਚੋੜਨਾ ਮਨ੍ਹਾ ਹੈ।
