ਹੁਣ ਭਾਰਤ ਆਉਣ ਵਾਲੀ ਵਿਦੇਸ਼ੀ ਫਲਾਈਟ ‘ਚ ਤੁਸੀਂ ਐਪਲ ਮੈਕਬੁੱਕ ਪ੍ਰੋ ਨਾਲ ਸਫਰ ਨਹੀਂ ਕਰ ਸਕੋਗੇ। ਵਿਦੇਸ਼ੀ ਹਵਾਈ ਜਹਾਜ਼ਾਂ ਨੇ ਯੂਰਪ ਅਤੇ ਅਮਰੀਕਾ ‘ਚ ਲਾਗੂ ਨਿਯਮਾਂ ਮੁਤਾਬਕ ਹੁਣ ਭਾਰਤ ਜਾਣ ਵਾਲੀਆਂ ਫਲਾਈਟਸ ‘ਚ ਵੀ ਐਪਲ ਮੈਕਬੁੱਕ ਪ੍ਰੋ ਦੇ ਕੁਝ ਮਾਡਲਾਂ ਨੂੰ ਜਹਾਜ਼ ‘ਚ ਲਿਜਾਣ ‘ਤੇ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਬੈਟਰੀ ‘ਚ ਅੱਗ ਲੱਗਣ ਦੀ ਘਟਨਾ ਨੂੰ ਦੇਖਦੇ ਹੋਏ ਇਹ ਪਾਬੰਦੀ ਲਗਾਈ ਗਈ ਹੈ।

ਉੱਥੇ ਹੀ, ਭਾਰਤੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ) ਵੀ ਅਸਮਾਨ ‘ਚ ਇਸ ਨਵੇਂ ਖਤਰੇ ਦੀ ਜਾਂਚ ਕਰ ਰਿਹਾ ਹੈ ਅਤੇ ਉਹ ਵੀ ਫਲਾਈਟਸ ‘ਚ ਮੈਕਬੁੱਕ ਪ੍ਰੋ ਦੇ ਪ੍ਰਭਾਵਿਤ ਮਾਡਲਾਂ ‘ਤੇ ਪਾਬੰਦੀ ਲਗਾ ਸਕਦਾ ਹੈ। ਓਧਰ, ਸਮਾਰਟ ਫੋਨ ਕੰਪਨੀ ਐਪਲ ਨੇ ਵੀ ਹਾਲ ਹੀ ‘ਚ 15 ਇੰਚ ਮੈਕਬੁੱਕ ਪ੍ਰੋ ਮਾਡਲਾਂ ਨੂੰ ਬਾਜ਼ਾਰ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ, ਜੋ ਮੁੱਖ ਤੌਰ ‘ਤੇ ਸਤੰਬਰ 2015 ਤੋਂ ਫਰਵਰੀ 2017 ਵਿਚਕਾਰ ਵਿਕੇ ਸਨ। ਕੰਪਨੀ ਨੂੰ ਖਦਸ਼ਾ ਹੈ ਕਿ ਬੈਟਰੀ ਗਰਮ ਹੋਣ ਨਾਲ ਇਸ ‘ਚ ਅੱਗ ਲੱਗ ਸਕਦੀ ਹੈ।

ਇਸ ਚਿਤਾਵਨੀ ਮਗਰੋਂ ਯੂਰਪੀ ਸੰਘ ਨੇ ਇਸ ਮਹੀਨੇ ਦੇ ਸ਼ੁਰੂ ‘ਚ ਇਸ ‘ਤੇ ਪਾਬੰਦੀ ਲਾਈ ਸੀ। ਹੁਣ ਭਾਰਤ ਵੀ ਇਹ ਵੇਖ ਰਿਹਾ ਹੈ ਕਿ ਕੀ ਉਸ ਨੂੰ ਆਪਣੀਆਂ ਏਅਰਲਾਈਨਾਂ ਨੂੰ ਪ੍ਰਭਾਵਿਤ ਮੈਕਬੁੱਕ ਪ੍ਰੋ ਮਾਡਲਾਂ ‘ਤੇ ਰੋਕ ਲਾਉਣ ਲਈ ਕਹਿਣਾ ਚਾਹੀਦਾ ਹੈ ਜਾਂ ਨਹੀਂ। ਇਕ ਅਧਿਕਾਰੀ ਨੇ ਕਿਹਾ ਕਿ ਡੀ. ਜੀ. ਸੀ. ਏ. ਇਸ ਮੁੱਦੇ ਦੀ ਜਾਂਚ ਕਰ ਰਿਹਾ ਹੈ ਤੇ ਜੇਕਰ ਜ਼ਰੂਰਤ ਹੋਈ ਤਾਂ ਉਹ ਇਸ ਲਈ ਕਦਮ ਚੁੱਕੇਗਾ।

ਭਾਰਤ ‘ਚ ਪ੍ਰਮੁੱਖ ਵਿਦੇਸ਼ੀ ਸੰਚਾਲਕ ਸਿੰਗਾਪੁਰ ਏਅਰਲਾਇੰਸ (ਐੱਸ. ਆਈ. ਏ.) ਨੇ ਵੀ ਮੈਕਬੁੱਕ ਪ੍ਰੋ ‘ਤੇ ਪਾਬੰਦੀ ਲਾ ਦਿੱਤੀ ਹੈ। ਉਸ ਨੇ ਮੁਸਾਫਰਾਂ ਨੂੰ ਕਿਹਾ ਕਿ ਉਹ ਬੈਗ ਜਾਂ ਹੈਂਡਬੈਗ ‘ਚ ਇਸ ਨੂੰ ਨਾ ਲੈ ਕੇ ਆਉਣ ਜਦੋਂ ਤਕ ਨਿਰਮਾਤਾ ਕੰਪਨੀ ਇਸ ਨੂੰ ਬਦਲ ਨਹੀਂ ਦਿੰਦੀ। ਥਾਈ ਏਅਰਵੇਜ਼ ਨੇ ਵੀ 15 ਇੰਚ ਮੈਕਬੁੱਕ ਪ੍ਰੋ ਨੋਟਬੁੱਕ ‘ਤੇ ਪਾਬੰਦੀ ਲਾ ਦਿੱਤੀ ਹੈ।
