ਪੰਜਾਬ ਸਰਕਾਰ ਇਕ ਅਜਿਹੀ ਨੀਤੀ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਤੋਂ ਬਾਅਦ ਸੂਬੇ ‘ਚ ਖੇਤੀ ਲਈ ਠੇਕੇ ‘ਤੇ ਦਿੱਤੀ ਜ਼ਮੀਨ ‘ਤੇ ਕਬਜ਼ਾ ਨਹੀਂ ਕੀਤਾ ਜਾ ਸਕੇਗਾ। ਇਸ ਦਾ ਸਭ ਤੋਂ ਵੱਡਾ ਫਾਇਦਾ ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਹੋਵੇਗਾ, ਜਿਹੜੇ ਖੁਦ ਤਾਂ ਪਰਦੇਸਾਂ ‘ਚ ਬੈਠੇ ਹਨ ਪਰ ਉਨ੍ਹਾਂ ਦੀਆਂ ਜ਼ਮੀਨਾਂ ਪੰਜਾਬ ‘ਚ ਹਨ ਪਰ ਉਹ ਆਪਣੀ ਜ਼ਮੀਨ ‘ਤੇ ਕਬਜ਼ਾ ਹੋਣ ਦੇ ਡਰੋਂ ਉਸ ਨੂੰ ਠੇਕੇ ‘ਤੇ ਨਹੀਂ ਦਿੰਦੇ। ਦੱਸ ਦੇਈਏ ਕਿ ਇਹ ਨੀਤੀ ਸਿਰਫ ਖੇਤੀ ਯੋਗ ਜ਼ਮੀਨ ‘ਤੇ ਲੀ ਲਾਗੂ ਹੋਵੇਗੀ। ਇਸ ਐਕਟ ਦੇ ਤਿਆਰ ਹੋਣ ਤੋਂ ਬਾਅਦ ਇਸ ਨੂੰ ਕੈਬਨਿਟ ਦੀ ਮੀਟਿੰਗ ‘ਚ ਲਿਆਂਦਾ ਜਾਵੇਗਾ ਤਾਂ ਜੋ ਇਸ ਨੂੰ ਕੈਬਨਿਟ ਦੀ ਮਨਜ਼ੂਰੀ ਦੇ ਕੇ ਵਿਧਾਨ ਸਭਾ ‘ਚ ਪ੍ਰਸਤਾਵ ਲਿਆਂਦਾ ਜਾ ਸਕੇ। ਵਿਧਾਨ ਸਭਾ ‘ਚ ਇਹ ਐਕਟ ਪਾਸ ਹੋਣ ਤੋਂ ਬਾਅਦ ਇਸ ਨੂੰ ਸੂਬੇ ‘ਚ ਲਾਗੂ ਕਰ ਦਿੱਤਾ ਜਾਵੇਗਾ। ਇਸ ਲਈ ਸੀ ਇਸ ਐਕਟ ਦੀ ਲੋੜ ਪੰਜਾਬ ‘ਚ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ‘ਚ ਵਸਣ ਲੱਗੇ ਹਨ। ਅਜਿਹੇ ‘ਚ ਕਿਸਾਨ ਘੱਟ ਹੀ ਰਹਿ ਜਾਣਗੇ। ਲੋਕਾਂ ਨੂੰ ਜ਼ਮੀਨ ਠੇਕੇ ‘ਤੇ ਦੇਣਾ ਮਜਬੂਰੀ ਹੋ ਜਾਵੇਗੀ। ਇਸ ਲਈ ਇਸ ਐਕਟ ਨੂੰ ਲਿਆਉਣ ਦੀ ਲੋੜ ਬਣ ਗਈ ਸੀ। ਨੌਜਵਾਨ ਪੀੜ੍ਹੀ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ।

ਅੱਜ ਦੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਆਪਣੀ ਪਿਤਰੀ ਭੂਮੀ ਨਾਲੋਂਮੋਹ ਤੋੜਦੀ ਜਾ ਰਹੀ ਹੈ। ਕੁਝ ਵਿਦਵਾਨ ਇਸ ਵਰਤਾਰੇ ਨੂੰ ਬੇਰੁਜ਼ਗਾਰੀ ਨਾਲ ਜੋੜ ਕੇ ਦੇਖਦੇ ਹਨ ਪਰ ਰੁਜ਼ਗਾਰ ਨਾ ਮਿਲਣਾ ਇਸ ਦਾ ਇੱਕੋ-ਇੱਕ ਕਾਰਨ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਕਈ ਸਰਕਾਰੀ ਨੌਕਰੀਆਂ ਅਤੇ ਚੰਗੀਆਂ ਜਾਇਦਾਦਾਂ ਵਾਲੇ ਵੀ ਸੂਬੇ ਨੂੰ ਛੱਡ ਰਹੇ ਹਨ। ਅੱਜ ਜੋ ਵਿਦਿਆਰਥੀ ਪੜ੍ਹਨ ਲਈ ਵਿਦੇਸ਼ ਜਾਂਦੇ ਹਨ, ਥੋੜ੍ਹਾ-ਬਹੁਤਾ ਧਨ ਵਾਪਸ ਭੇਜਣ ਦੀ ਬਜਾਏ ਆਪਣੀ ਪਿਤਰੀ ਜਾਇਦਾਦ ਨੂੰ ਵੀ ਵੇਚ ਵੱਟ ਕੇ ਪੈਸਾ ਆਪਣੇ ਨਾਲ ਲਿਜਾਣ ਲੱਗ ਪਏ ਹਨ। ਉਨ੍ਹਾਂ ਦੀ ਇੱਥੇ ਕਿਸੇ ਕੰਮ ਵਿੱਚ ਰੁਚੀ ਨਹੀਂ ਬਣਦੀ। ਪੰਜਾਬੀ ਨੌਜਵਾਨਾਂ ਦੀ ਖੇਤਬਾੜੀ ਵਿੱਚੋਂ ਦਿਲਚਸਪੀ ਖਤਮ ਹੁੰਦੀ ਜਾ ਰਹੀ ਹੈ। ਅਜਿਹਾ ਦੇਖ ਕੇ ਲੱਗਦਾ ਹੈ ਕਿ ਅੱਜ ਦਾ ਪੰਜਾਬੀ ਕਿਸਾਨ ਚਾਲੀ ਕੁ ਸਾਲਾਂ ਬਾਅਦ ਖੇਤੀਬਾੜੀ ਦੇ ਕਿੱਤੇ ਤੋਂ ਸਦਾ ਲਈ ਵੱਖ ਹੋ ਜਾਵੇਗਾ।

ਪੰਜਾਬ ਵਿੱਚ ਵਿਦੇਸ਼ ਜਾਣ ਦੀ ਹੋੜ ਇੰਨੇ ਵੱਡੇ ਪੱਧਰ ’ਤੇ ਹੈ ਕਿ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਵਿਦੇਸ਼ ਭੇਜਣਾ ਲੋਚਦਾ ਹੈ ਪਰ ਸਾਡੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਇਸ ਤਬਦੀਲੀ ’ਤੇ ਗੌਰ ਨਹੀਂ ਕਰ ਰਹੀਆਂ। ਪੰਜਾਬ ਅੰਦਰ ਇਸ ਤਬਦੀਲੀ ਨਾਲ ਡੂੁੰਘੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਪੈਣਗੇ। ਇਸ ਦੇ ਨਾਲ ਹੀ ਵਿਦੇਸ਼ੀ ਪ੍ਰਭਾਵ ਨਾਲ ਪੰਜਾਬੀ ਸੱਭਿਆਚਾਰ ਨੂੰ ਵੀ ਖੋਰਾ ਲੱਗੇਗਾ। ਤਰੱਕੀ ਲਈ ਹਰ ਇਨਸਾਨ ਨੂੰ ਅਨੇਕਾਂ ਮੌਕੇ ਮਿਲਦੇ ਹਨ ਪਰ ਆਰਥਿਕ ਤਰੱਕੀ ਹੀ ਜੀਵਨ ਦੀਆਂ ਸਭ ਲੋੜਾਂ ਪੂਰੀਆਂ ਨਹੀਂ ਕਰਦੀ। ਜਿਸ ਤਰੀਕੇ ਨਾਲ ਯੋਗ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਕੇ ਮਜ਼ਦੂਰੀ ਕਰਦੇ ਹਨ। ਇਸ ਸਦਕਾ ਉਹ ਆਪਣੇ ਹੁਨਰ ਦੀ ਸਹੀ ਵਰਤੋਂ ਤੋਂ ਵਾਂਝੇ ਰਹਿ ਰਹੇ ਹਨ। ਅਜਿਹੇ ਨੌਜਵਾਨ ਜੇਕਰ ਬਾਹਰ ਜਾ ਕੇ ਆਪਣੀ ਯੋਗਤਾ ਤੋਂ ਹੇਠਲੇ ਪੱਧਰ ਦੀਆਂ ਨੌਕਰੀਆਂ ਕਰਨਗੇ ਤਾਂ ਉਨ੍ਹਾਂ ਦੇ ਬੌਧਿਕ ਵਿਕਾਸ ਨੂੰ ਵੀ ਬਰੇਕ ਲੱਗੇਗੀ। ਬੌਧਿਕ ਵਿਕਾਸ ਦੀ ਅਣਹੋਂਦ ਵਿੱਚ ਕਈ ਅਲਾਮਤਾਂ ਘੇਰਾ ਪਾ ਲੈਂਦੀਆਂ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸਵੈ ਰੁਜ਼ਗਾਰ ਬਾਰੇ ਜਾਗਰੂਕ ਹੋਣ। ਆਪਣੀ ਰੁਚੀ ਅਨੁਸਾਰ ਸਵੈ ਰੁਜ਼ਗਾਰ ਤੇ ਹੋਰ ਕਈ ਤਰ੍ਹਾਂ ਦੇ ਕਾਰੋਬਾਰ ਦੀਆਂ ਬਾਰੀਕੀਆਂ ਸਿੱਖਣ। ਘੱਟ ਸਮੇਂ ਵਿੱਖ ਵੱਧ ਪੈਸਾ ਕਮਾਉਣ ਦੇ ਲਾਲਚ ਵਿੱਚ ਆ ਕੇ ਅੰਨ੍ਹੇਵਾਹ ਵਿਦੇਸ਼ੀਂ ਜਾਣਾ ਸਹੀ ਫ਼ੈਸਲਾ ਨਹੀਂ ਹੋ ਸਕਦਾ। ਨੌਜਵਾਨ ਕਿਰਤ ਕਰਨ ਦੀ ਆਦਤ ਪਾਉਣ ਤੇ ਉਚੇਰੀ ਸਿੱਖਿਆ ਹਾਸਲ ਕਰਨ ਤਾਂ ਜੋ ਆਪਣੇ ਭਵਿੱਖ ਬਾਰੇ ਸਹੀ ਫ਼ੈਸਲੇ ਲੈ ਸਕਣ।