ਭੋਪਾਲ – ਕਈ ਵਿਵਾਦਿਤ ਬਿਆਨ ਦੇ ਚੁੱਕੀ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ ਇੱਕ ਵਾਰ ਫਿਰ ਅਜਿਹਾ ਹੀ ਬਿਆਨ ਦਿੱਤਾ ਹੈ। ਪ੍ਰਗਿਆ ਨੇ ਵਿਰੋਧੀ ਧਿਰ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ (ਵਿਰੋਧੀ ਧਿਰ) ਭਾਜਪਾ ਵਿਰੁੱਧ ‘ਮਾਰਕ ਸ਼ਕਤੀ’ ਦੀ ਵਰਤੋਂ ਕਰ ਰਿਹਾ ਹੈ।

ਅਸਲ ‘ਚ ਰਾਜਧਾਨੀ ਭੋਪਾਲ ਦੇ ਭਾਜਪਾ ਦਫ਼ਤਰ ‘ਚ ਅੱਜ ਪਾਰਟੀ ਦੇ ਦੋ ਮਰਹੂਮ ਨੇਤਾਵਾਂ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਸਾਬਕਾ ਮੁੱਖ ਮੰਤਰੀ ਬਾਬੂਲਾਲ ਗੌਰ ਦੀ ਯਾਦ ‘ਚ ਇੱਕ ਸ਼ੌਕ ਸਭਾ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਬੋਲਦਿਆਂ ਸਾਧਵੀ ਪ੍ਰਗਿਆ ਨੇ ਕਿਹਾ, ”ਜਦੋਂ ਮੈਂ ਚੋਣ ਲੜ ਰਹੀ ਸੀ ਤਾਂ ਇੱਕ ਮਹਾਰਾਜ ਜੀ ਆਏ, ਉਨ੍ਹਾਂ ਕਿਹਾ ਸੀ ਕਿ ਇਹ ਬਹੁਤ ਬੁਰਾ ਸਮਾਂ ਚੱਲ ਰਿਹਾ ਹੈ। ਤੁਸੀਂ ਆਪਣੀ ਸਾਧਨਾ ਵਧਾ ਲਓ।

ਵਿਰੋਧੀ ਧਿਰ ਇੱਕ ਮਾਰਕ ਸ਼ਕਤੀ ਦੀ ਵਰਤੋਂ ਤੁਹਾਡੀ ਪਾਰਟੀ ਅਤੇ ਉਸ ਦੇ ਨੇਤਾਵਾਂ ਲਈ ਕਰ ਰਿਹਾ ਹੈ, ਅਜਿਹੇ ‘ਚ ਤੁਸੀਂ ਸਾਵਧਾਨ ਰਹੋ। ਬਾਅਦ ‘ਚ ਮੈਂ ਇਹ ਗੱਲ ਭੁੱਲ ਗਈ ਸੀ ਪਰ ਜਦੋਂ-ਜਦੋਂ ਮੈਂ ਦੇਖਦੀ ਹਾਂ ਕਿ ਸਾਡੀ ਪਾਰਟੀ ਦੇ ਨੇਤਾ ਇੰਜ ਇੱਕ ਤੋਂ ਬਾਅਦ ਇੱਕ ਜਾ ਰਹੇ ਹਨ ਤਾਂ ਮੈਨੂੰ ਲੱਗ ਰਿਹਾ ਹੈ ਕਿ ਕਿਤੇ ਮਹਾਰਾਜ ਸਹੀ ਤਾਂ ਨਹੀਂ ਸਨ?”
