ਕੈਨੇਡਾ ਪੰਜਾਬੀ ਨੌਜਵਾਨਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਪੰਜਾਬ ਦਾ ਹਰ ਨੌਜਵਾਨ ਕੈਨੇਡਾ ਜਾਣਾ ਚਾਹੁੰਦਾ ਹੈ, ਚਾਹੇ ਆਪਣਾ ਸਭ ਕੁਝ ਕਿਉਂ ਨਾ ਵੇਚਣਾ ਪਵੇ । ਸੁਪਨਿਆਂ ਨੂੰ ਸਾਕਾਰ ਕਰਨ ਲਈ ਕਈ ਪੰਜਾਬੀ ਏਜੰਟਾਂ ਜਾਂ ਹੋਰਾਂ ਤਰੀਕਿਆਂ ਨਾਲ ਲੱਖਾਂ ਰੁਪਏ ਡੋਬ ਲੈਂਦੇ ਹਨ ।ਪਰ ਥੋੜੀ ਜਿਹੀ ਸਾਵਧਾਨੀ ਵਰਤ ਕੇ ਇਸ ਧੋਖਾਧੜੀ ਤੋਂ ਬਚਿਆ ਜਾ ਸਕਦਾ ਹੈ। ਜੇਕਰ ਤੁਸੀਂ ਵੀਜ਼ਾ ਅਪਲਾਈ ਕਰਨ ਸਮੇ ਕੁਝ੍ਹ ਗੱਲਾਂ ਦਾ ਧਿਆਨ ਰੱਖੋ ਤਾਂ ਸਿਰਫ਼ 100 ਡਾਲਰ ਵਿੱਚ ਹੀ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ, ਇਸ ਨਾਲ ਕੈਨੇਡਾ ਜਾਣ ਦੇ ਚਾਹਵਾਨਾਂ ਦਾ ਪੈਸਾ ਤੇ ਸਮਾਂ ਦੋਵੇਂ ਹੀ ਬਚਣਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਅਧਿਕਾਰਿਤ ਵੈੱਬਸਾਈਟ canada.ca/india-visa ਵੀ ਜਾਰੀ ਕੀਤੀ ਹੋਈ ਹੈ, ਜਿਸ ‘ਤੋਂ ਇਸ ਸਬੰਧੀ ਪੂਰੀ ਜਾਣਕਾਰੀ ਲਈ ਜਾ ਸਕਦੀ ਹੈ।

ਕੈਨੇਡਾ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਪ੍ਰਵਾਸੀਆਂ ਸਬੰਧੀ ਇਕ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਸੀ, ਜਿਸ ‘ਚ ਇਮੀਗ੍ਰੇਸ਼ਨ ਤੇ ਠੱਗ ਟ੍ਰੈਵਲ ਏਜੰਟਾਂ ਦੀ ਪਛਾਣ ਬਾਰੇ ਦੱਸਿਆ ਸੀ ਤੇ ਲੋਕਾਂ ਨੂੰ ਆਨਲਾਈਨ ਵੀਜ਼ਾ ਅਪਲਾਈ ਕਰਨ ਦਾ ਸੁਨੇਹਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ ਦਾ ਵੀਜ਼ਾ ਸਿਰਫ 100 ਕੈਨੇਡੀਅਨ ਡਾਲਰ ‘ਚ ਅਪਲਾਈ ਕੀਤਾ ਜਾ ਸਕਦਾ ਹੈ, ਜੋ ਕਿ ਕਿਸੇ ਸਲਾਹਕਾਰ ਕੋਲ ਜਾਣ ਤੋਂ ਕਿਤੇ ਜ਼ਿਆਦਾ ਸਸਤਾ ਹੈ।ਜੇਕਰ ਤੁਹਾਡੀ ਫਾਈਲ ਕਿਸੇ ਕਾਰਨ ਰਫਿਊਜ਼ ਹੋ ਚੁੱਕੀ ਹੈ ਤਾਂ ਦੁਬਾਰਾ ਅਪਲਾਈ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ। ਦੁਬਾਰਾ ਅਪਲਾਈ ਤਾਂ ਹੀ ਕਰੋ ਜੇਕਰ ਪਹਿਲੀ ਰਫਿਊਜ਼ਲ ਤੋਂ ਬਾਅਦ ਦੱਸਿਆ ਜਾ ਸਕੇ ਕਿ ਪਹਿਲੀਆਂ ਕਮੀਆਂ ਦੂਰ ਕਰ ਲਈਆਂ ਗਈਆਂ ਹਨ।

ਜੇਕਰ ਇਕੋ ਜਾਣਕਾਰੀ ਨਾਲ ਵਾਰ-ਵਾਰ ਅਪਲਾਈ ਕੀਤਾ ਜਾ ਰਿਹਾ ਹੈ, ਤਾਂ ਇਸ ਨਾਲ ਸਿਰਫ ਸਮਾਂ ਤੇ ਪੈਸੇ ਹੀ ਬਰਬਾਦ ਹੋਣਗੇ। ਜੇਕਰ ਕੋਈ ਵੀ ਵਿਅਕਤੀ ਕੈਨੇਡਾ ਜਾਣ ਲਈ ਇਮੀਗ੍ਰੇਸ਼ਨ ਵਿਭਾਗ ਨੂੰ ਗਲਤ ਜਾਣਕਾਰੀ ਦਿੰਦਾ ਹੈ ਤਾਂ ਉਸ ਦੀ ਕੈਨੇਡਾ ਐਂਟਰੀ ‘ਤੇ ਪੰਜ ਸਾਲ ਦਾ ਬੈਨ ਲੱਗ ਸਕਦਾ ਹੈ। ਏਜੰਟਾਂ ਕੋਲ ਜਾਣ ਤੋਂ ਪਹਿਲਾ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਫਰਜ਼ੀ ਟ੍ਰੈਵਲ ਏਜੰਟਾਂ ਦੀ ਸੂਚੀ ‘ਤੇ ਝਾਤ ਮਾਰ ਲੈਣਾ ਬਹੁਤ ਜ਼ਰੂਰੀ ਹੈ ।