ਉੱਤਰਾਖੰਡ ਦੇ ਸੱਤ ਜ਼ਿਲ੍ਹਿਆਂ ‘ਚ ਅਗਲੇ 24 ਘੰਟਿਆਂ ਤਕ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਓਰੇਂਜ ਅਲਰਟ ਜਾਰੀ ਕੀਤਾ ਹੈ। ਇਹੀ ਨਹੀਂ ਉੱਤਰ ਪ੍ਰਦੇਸ਼, ਪੰਜਾਬ, ਮੱਧ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਵੀ ਅਗਲੇ 24 ਘੰਟਿਆਂ ‘ਚ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ ਦੱਸ ਦੇਈਏ ਕਿ ਮੌਸਮ ਵਿਭਾਗ ਓਰੇਂਜ ਅਲਰਟ ਇਸ ਲਈ ਜਾਰੀ ਕਰਦਾ ਹੈ ਕਿਉਂਕਿ ਲੋਕ ਮੌਸਮ ਦੇ ਵਿਗੜੇ ਮਿਜ਼ਾਜ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰਾਖੰਡ ਦੇ ਨੈਨੀਤਾਲ, ਚੰਪਾਵਤ, ਪਿਥੌਰਗੜ੍ਹ, ਚਮੇਲੀ, ਦੇਹਰਾਦੂਨ, ਪੌੜੀ ਤੇ ਹਰਿਦੁਆਰ ਜ਼ਿਲ੍ਹਿਆਂ ‘ਚ ਅਗਲੇ 24 ਘੰਟਿਆਂ ‘ਚ ਭਾਰੀ ਬਾਰਿਸ਼ ਦਾ ਪੁਨਰ ਅਨੁਮਾਨ ਜਤਾਇਆ ਗਿਆ ਹੈ।

ਅਗਲੇ 48 ਘੰਟਿਆਂ ‘ਚ ਕਰਨਾਟਕ, ਕੇਰਲ ਸਮੇਤ ਦੇਸ਼ ਦੇ ਦੱਖਣੀ ਸੂਬਿਆਂ ‘ਚ ਵੀ ਬਾਰਿਸ਼ ਹੋ ਸਕਦੀ ਹੈ। ਜੁਲਾਈ ਦਾ ਆਖਰੀ ਹਫਤਾ ਸ਼ੁਰੂ ਹੋਣ ਵਾਲਾ ਹੈ ਤੇ ਪੰਜਾਬ ਚ ਇੱਕ ਵਾਰ ਫਿਰ ਮਾਨਸੂਨ ਐਕਟਿਵ ਹੋਣ ਲਈ ਤਿਆਰ ਹੈ। ਬੁੱਧਵਾਰ ਰਾਤ ਤੋਂ ਐਤਵਾਰ ਤੱਕ ਮਾਨਸੂਨ ਦੇ ਨੀਵੇਂ ਬੱਦਲ ਤੇ ਹਲਕੀਆਂ/ਦਰਮਿਆਨੀਆਂ ਬਰਸਾਤਾਂ ਸੂਬੇ ਦੇ ਸਾਰੇ ਹਿੱਸਿਆਂ ਚ ਦੇਖੀਆਂ ਜਾਣਗੀਆਂ। ਗੁਰਦਾਸਪੁਰ ਤੇ ਹਿਮਾਚਲ ਨਾਲ ਲੱਗਦੇ ਨੀਮ-ਪਹਾੜੀ ਹਿੱਸਿਆਂ ਚ ਲੰਮੇ ਅਰਸੇ ਬਾਅਦ ਚੰਗਾ ਮੀਂਹ ਪਵੇਗਾ। ਬਹੁਤੇ ਸੂਬੇ ਚ 25-26 ਜੁਲਾਈ ਨੂੰ ਸਭ ਤੋਂ ਵਧੀਕ ਉਮੀਦ ਰਹੇਗੀ, ਝੜੀ ਤੋਂ ਇਨਕਾਰ ਨਹੀਂ। ਲੁਧਿਆਣਾ, ਨਵਾਂਸ਼ਹਿਰ, ਬਠਿੰਡਾ, ਮੁਕਤਸਰ, ਫਰੀਦਕੋਟ, ਕੋਟਕਪੂਰਾ, ਪਟਿਆਲਾ, ਅੰਬਾਲਾ, ਗੁਰਦਾਸਪੁਰ, ਪਠਾਨਕੋਟ, ਦਸੂਹਾ, ਮੁਕੇਰੀਆਂ, ਅੰਮ੍ਰਿਤਸਰ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ ਦੇ ਇਲਾਕਿਆਂ ਚ ਭਾਰੀ ਮੀਂਹ ਦੀ ਉਮੀਦ ਹੈ ਜਾਹਿਰ ਹੈ

ਕਿ ਸੂਬੇ ਦੇ ਕਈ ਹਿੱਸਿਆਂ ਚ ਫਿਰ ਹੜ੍ਹ ਦੀ ਸਥਿਤੀ ਪੈਦਾ ਹੋ ਸਕਦੀ ਹੈ। ਐਤਵਾਰ ਤੋਂ ਮਾਨਸੂਨੀ ਬਰਸਾਤਾਂ ਚ ਕਮੀ ਆਵੇਗੀ। ਇਸ ਦੌਰਾਨ ਨਾ ਸਿਰਫ ਪੰਜਾਬ ਬਲਕਿ ਦਿੱਲੀ, ਪੰਜਾਬ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਚ ਵੀ ਚੰਗੀਆਂ ਮਾਨਸੂਨੀ ਫੁਹਾਰਾਂ ਪੈਣਗੀਆਂ। ਜੁਲਾਈ ਅੰਤ ਤੇ ਅਗਸਤ ਸ਼ੁਰੂ ਚ ਫਿਰ ਮਾਨਸੂਨ ਦੇ ਐਕਟਿਵ ਹੋਣ ਦੀ ਆਸ ਹੈ। ਬੀਤੇ 4-5 ਦਿਨਾਂ ਤੋਂ ਸੁਸਤ ਮਾਨਸੂਨ ਦੌਰਾਨ ਸੂਬੇ ਚ ਰੋਜ਼ਾਨਾ ਕਿਤੇ ਨਾ ਕਿਤੇ ਟੁੱਟਵੀ ਕਾਰਵਾਈ ਹੋ ਰਹੀ ਹੈ, ਪਰ ਘੱਟ ਖੇਤਰ ਚ ਹੋਈ ਇਸ ਨਿੱਕੀ ਕਾਰਵਾਈ ਨਾਲ ਹੁੰਮਸ ਭਰੀ ਗਰਮੀ ਨੂੰ ਰਤਾ ਵੀ ਫਰਕ ਨਹੀਂ ਪੈਂਦਾ ਸਗੋਂ ਸਥਿਤੀ ਹੋਰ ਅਸਹਿਜ ਬਣ ਜਾਂਦੀ ਹੈ। ਮੌਜੂਦਾ ਸਮੇਂ, ਨਾ ਸਿਰਫ ਦਿਨ ਬਲਕਿ ਰਾਤਾਂ ਨੂੰ ਵੀ ਚਿਪਚਿਪੀ ਗਰਮੀ ਬਣੀ ਹੋਈ ਹੈ।