ਫਗਵਾੜਾ ਵਿਚ ਪੈਂਦੇ ਪਿੰਡ ਹਰਬੰਸਪੁਰਾ ਵਿਚ ਢੁੱਕਣ ਆਏ ਲਾੜੇ ਦਾ ਮੂੰਹ ਵੇਖ ਕੇ ਲਾੜੀ ਬੇਹੋਸ਼ ਹੋ ਗਈ ਤੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੁਕੇਰੀਆਂ ਨੇੜੇ ਪੈਂਦੇ ਪਿੰਡ ਕੁੱਲਿਆਂ ਤੋ ਬਰਾਤ ਲੈ ਕੇ ਜਰਨੈਲ ਸਿੰਘ ਹਰਬੰਸਪੁਰਾ ਪੁੱਜਾ ਸੀ। ਲੜਕੀ ਵਾਲਿਆਂ ਵੱਲੋਂ ਬਰਾਤ ਦਾ ਸਵਾਗਤ ਪੂਰੀਆਂ ਰਸਮਾਂ ਨਾਲ ਕੀਤਾ ਗਿਆ ਪਰ ਮਾਮਲਾ ਉਸ ਸਮੇਂ ਵਿਗੜ ਗਿਆ ਜਦੋਂ ਕਿਸੇ ਨੇ ਢੁੱਕਣ ਆਏ ਮੁੰਡੇ ਦੀ ਤਸਵੀਰ ਖਿੱਚ ਕੇ ਵਿਆਹ ਵਾਲੀ ਕੁੜੀ ਨੂੰ ਵਿਖਾ ਦਿੱਤੀ।

ਲੜਕੀ ਨੇ ਸਾਫ ਆਖ ਦਿੱਤਾ ਕਿ ਇਹ ਤਸਵੀਰ ਉਹ ਨਹੀਂ ਹੈ ਜਿਹੜੀ ਵਿਚੋਲੇ ਨੇ ਵਿਖਾਈ ਸੀ। ਲੜਕੀ ਦਾ ਕਹਿਣਾ ਹੈ ਕਿ ਜਿਸ ਮੁੰਡੇ ਦੀ ਤਸਵੀਰ ਵਿਚੋਲੇ ਨੇ ਵਿਖਾਈ ਸੀ ਉਸ ਦੀ ਉਮਰ 25 ਸਾਲ ਦੱਸੀ ਸੀ ਪਰ ਢੁੱਕਣ 40 ਸਾਲ ਦਾ ਬੰਦਾ ਆਇਆ ਹੈ। ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਕੇ ਬਰਾਤ ਨੂੰ ਬੇਰੰਗ ਵਾਪਸ ਭੇਜ ਦਿੱਤਾ। ਇਹ ਪੂਰਾ ਮਾਮਲਾ ਥਾਣਾ ਰਾਵਲਪਿੰਡੀ ਪੁਲਿਸ ਕੋਲ ਪਹੁੰਚ ਗਿਆ ਹੈ।

ਕੁੜੀ ਦਾ ਕਹਿਣਾ ਹੈ ਕਿ ਵਿਆਹ ਤੋਂ ਪਹਿਲਾਂ ਦਿਖਾਈ ਗਈ ਤਸਵੀਰ ‘ਚ ਮੁੰਡਾ ਘੱਟ ਉਮਰ ਦਾ ਲੱਗਦਾ ਸੀ ਪਰ ਜਦੋਂ ਮੁੰਡਾ ਬਰਾਤ ਲੈ ਕੇ ਪਹੁੰਚਿਆ ਹੈ ਤਾਂ ਮੁੰਡੇ ਦੀ ਉਮਰ ਉਸ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਮਾਮਲਾ ਵਿਗੜਦਾ ਦੇਖ ਪਿੰਡ ਦੇ ਲੋਕ ਕੁੜੀ ਦੇ ਹੱਕ ‘ਚ ਆ ਗਏ ਤੇ ਤਬੀਅਤ ਖ਼ਰਾਬ ਹੋਣ ਕਾਰਨ ਕੁੜੀ ਨੂੰ ਫਗਵਾੜਾ ਦੇ ਸਿਵਲ ਹਸਪਤਾਲ ‘ਚ ਲੈ ਕੇ ਆਏ, ਜਿਥੇ ਸਿਵਲ ਹਸਪਤਾਲ ‘ਚ ਡਾਕਟਰਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇਣ ਲਈ ਕਿਹਾ। ਪੁਲਿਸ ਦੋਵਾਂ ਧਿਰਾਂ ਤੋਂ ਪੁੱਛਗਿੱਛ ਕਰ ਰਹੀ ਹੈ।
