ਤੂਫ਼ਾਨ ਡੋਰੀਅਨ ਨੇ ਕੈਰੇਬੀਆਈ ਦੇਸ਼ ਬਹਾਮਾਸ ’ਚ ਭਿਆਨਕ ਕਹਿਰ ਢਾਹੁਣ ਤੋਂ ਬਾਅਦ ਫਲੋਰੀਡਾ ਦਾ ਰੁਖ਼ ਕੀਤਾ ਹੈ। ਇਸ ਦੀ ਲਪੇਟ ’ਚ ਆਉਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 13000 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਇਸ ਨੇ ਹੁਣ ਸ਼੍ਰੇਣੀ-5 ’ਚ ਤਬਦੀਲ ਹੋ ਕੇ ਫਲੋਰੀਡਾ ਦਾ ਰੁਖ਼ ਕੀਤਾ ਹੈ। ਬਹਾਮਾਸ ’ਚ ਸੋਮਵਾਰ ਨੂੰ ਤੂਫ਼ਾਨ ਦੀ ਸਥਿਤੀ ਅਜਿਹੀ ਸੀ ਕਿ ਬਚਾਅ ਕਾਰਜਾਂ ’ਚ ਲੱਗੇ ਮੁਲਾਜ਼ਮਾਂ ਨੂੰ ਵੀ ਇੱਧਰ-ਉਧਰ ਲੁਕ ਕੇ ਖ਼ੁਦ ਦਾ ਬਚਾਅ ਕਰਨਾ ਪਿਆ।

ਤੂਫ਼ਾਨ ਕਾਰਨ ਹਵਾ 297 ਕਿਮੀ ਪ੍ਰਤੀ ਘੰਟਾ ਰਫ਼ਤਾਰ ਨਾਲ ਚੱਲ ਰਹੀ ਹੈ। ਗ੍ਰਾਂਡ ਬਹਾਮਾ ਦੇ ਮੰਤਰੀ ਕਵਾਸੀ ਥਾਮਪਸਨ ਨੇ ਦੱਸਿਆ ਕਿ ਹਾਲਾਤ ਬੇਹੱਦ ਖ਼ਰਾਬ ਹਨ। ਬਚਾਅ ਕਾਰਜ ’ਚ ਲੱਗੇ ਮੁਲਾਜ਼ਮ ਵੀ ਬੇਵੱਸ ਹਨ। ਹਾਲਾਤ ਕਾਬੂ ’ਚ ਆਉਂਦੇ ਹੀ ਬਚਾਅ ਕਾਰਜਾਂ ’ਚ ਤੇਜ਼ੀ ਆਵੇਗੀ। ਗ੍ਰਾਂਡ ਬਹਾਮਾ ਦੇ ਕਈ ਇਲਾਕਿਆਂ ’ਚ ਪਾਣੀ ਲੋਕਾਂ ਦੀਆਂ ਛੱਤਾਂ ਤਕ ਪਹੁੰਚ ਗਿਆ ਹੈ।ਇਸੇ ਤਰ੍ਹਾਂ ਫ੍ਰੀਪੋਰਟ ਇਲਾਕੇ ’ਚ ਵੀ ਪਾਣੀ ਲੋਕਾਂ ਦੇ ਘਰਾਂ ’ਚ ਪਹੁੰਚ ਗਿਆ ਹੈ।

ਸੰਸਦ ਮੈਂਬਰ ਡੇਰੇਨ ਹੇਨਫੀਲਡ ਨੇ ਕਿਹਾ ਕਿ ਬਹਾਮਾਸ ਦੇ ਇਕ ਟਾਪੂ ਅਬਾਕੋ ’ਚ ਭਿਆਨਕ ਤਬਾਹੀ ਹੋਈ ਹੈ। ਅਮਰੀਕਾ ਦੇ ਨੈਸ਼ਨਲ ਹਰੀਕੇਨ ਸੈਂਟਰ ਨੇ ਫਲੋਰੀਡਾ ਤੇ ਜਾਰਜ਼ੀਆ ਦੇ ਤੱਟੀ ਇਲਾਕਿਆਂ ’ਚ ਸਾਵਧਾਨ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਪੇਸ਼ੀਨਗੋਈ ਕੀਤੀ ਗਈ ਹੈ ਕਿ ਤੂਫ਼ਾਨ ਤੱਟ ਤੋਂ ਦੂਰ ਰਹੇਗਾ। ਹਾਲਾਂਕਿ ਹਾਲੇ ਵੀ ਤੂਫ਼ਾਨ ਦੇ ਰਸਤੇ ਦਾ ਸਟੀਕ ਅਨੁਮਾਨ ਨਹੀਂ ਲਗਾਇਆ ਜਾ ਸਕਿਆ। ਕਿਹਾ ਗਿਆ ਹੈ ਕਿ ਤੂਫ਼ਾਨ ਦੇ ਰਸਤੇ ’ਚ ਥੋੜ੍ਹਾ ਬਦਲਾਅ ਫਲੋਰੀਡਾ ’ਚ ਕਹਿਰ ਢਾਅ ਸਕਦਾ ਹੈ।
