ਅੱਜ ਅਸੀਂ ਤੁਹਾਨੂੰ ਅੰਬਾਂ ਦੀ ਇੱਕ ਅਨੋਖੀ ਕਿਸਮ ਬਾਰੇ ਦੱਸਣ ਜਾ ਰਹੇ ਹਾਂ, ਅੰਬਾਂ ਦੀ ਮਲਿਕਾ ਵਜੋਂ ਮਸ਼ਹੂਰ ਕਿਸਮ ਨੂਰਜਹਾਂ ਦਾ ਔਸਤ ਵਜ਼ਨ ਇਸ ਵਾਰ ਮੌਸਮ ਦੀ ਮਿਹਰਬਾਨੀ ਨਾਲ ਵਧ ਕੇ ਪੌਣੇ ਤਿੰਨ ਕਿਲੋ ਤੱਕ ਪੁੱਜ ਗਿਆ ਹੈ। ਇਹ ਵਜ੍ਹਾ ਹੈ ਕਿ ਇਸ ਦੁਰਲੱਭ ਕਿਸਮ ਦੇ ਮੁਰੀਦ ਇਕ ਅੰਬ ਦੀ ਕੀਮਤ 1200 ਰੁਪਏ ਤੱਕ ਚੁਕਾ ਰਹੇ ਹਨ।ਅਫਗਾਨੀ ਮੂਲ ਦੀ ਮੰਨੀ ਜਾਣ ਵਾਲੀ ਕਿਸਮ ਨੂਰਜਹਾਂ ਦੇ ਗਿਣੇ-ਚੁਣੇ ਬੂਟੇ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਦੇ ਕਾਠੀਵਾੜਾ ਇਲਾਕੇ ਵਿਚ ਪਾਏ ਜਾਂਦੇ ਹਨ। ਇਹ ਇਲਾਕਾ ਗੁਜਰਾਤ ਨਾਲ ਲੱਗਦਾ ਹੈ। ਇੰਦੌਰ ਤੋਂ ਕਰੀਬ 250 ਕਿਲੋਮੀਟਰ ਦੂਰ ਕਾਠੀਵਾੜਾ ਇਲਾਕੇ ਵਿਚ ਇਸ ਅੰਬ ਦੀ ਪੈਦਾਵਾਰ ਦੇ ਮਾਹਰ ਈਸ਼ਾਕ ਮਨਸੂਰੀ ਨੇ ਦੱਸਿਆ ਕਿ

ਇਸ ਵਾਰ ਸਾਜ਼ਗਾਰ ਮੌਸਮੀ ਹਾਲਤਾਂ ਦੇ ਚਲਦਿਆਂ ਨੂਰਜਹਾਂ ਦੇ ਦਰੱਖਤਾਂ ‘ਤੇ ਖੂਬ ਬੂਰ ਪਿਆ ਤੇ ਪੈਦਾਵਾਰ ਵੀ ਚੰਗੀ ਹੋਈ ਹੈ। ਇਸ ਵੇਲੇ ਨੂਰਜਹਾਂ ਦੇ ਫਲਾਂ ਦਾ ਵਜ਼ਨ ਔਸਤਨ ਪੌਣੇ ਤਿੰਨ ਕਿਲੋ ਹੈ, ਜਦਕਿ ਪਿਛਲੇ ਤਿੰਨ ਸਾਲ ਕਰੀਬ ਢਾਈ ਕਿਲੋ ਰਿਹਾ ਸੀ।ਪਿਛਲੇ ਸਾਲ ਬਿਮਾਰੀ ਕਾਰਣ ਨੂਰਜਹਾਂ ਦੀ ਪੈਦਾਵਾਰ ਬਰਬਾਦ ਹੋ ਜਾਣ ਕਾਰਨ ਇਸ ਦੇ ਮੁਰੀਦਾਂ ਨੂੰ ਮਾਯੂਸ ਹੋਣਾ ਪਿਆ ਸੀ, ਪਰ ਐਤਕੀਂ ਉਹ ਖੁਸ਼ ਹਨ। ਇਨ੍ਹੀਂ ਦਿਨੀਂ ਇਕ ਅੰਬ ਅਮੂਮਨ ਸੱਤ-ਅੱਠ ਸੌ ਦਾ ਵਿਕ ਰਿਹਾ ਹੈ ਤੇ ਜ਼ਿਆਦਾ ਵਜ਼ਨ ਵਾਲੇ ਦੇ 1200 ਰੁਪਏ ਵੀ ਮਿਲ ਰਹੇ ਹਨ।

ਉਨ੍ਹਾ ਦੱਸਿਆ ਕਿ ਗਵਾਂਢੀ ਗੁਜਰਾਤ ਦੇ ਅਹਿਮਦਾਬਾਦ, ਵਾਪੀ, ਨਵਸਾਰੀ ਤੇ ਬੜੌਦਾ ਦੇ ਕੁਝ ਸ਼ੌਕੀਨਾਂ ਨੇ ਨੂਰਜਹਾਂ ਦੀ ਅਡਵਾਂਸ ਬੁਕਿੰਗ ਕਰਾ ਲਈ ਸੀ। ਨੂਰਜਹਾਂ ਨੂੰ ਜਨਵਰੀ ‘ਚ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਜੂਨ ਦੇ ਅਖੀਰ ਤੱਕ ਫਲ ਪੱਕ ਜਾਂਦਾ ਹੈ। ਨੂਰਜਹਾਂ ਦਾ ਫਲ ਇਕ ਫੁੱਟ ਤੱਕ ਵਧ ਸਕਦਾ ਹੈ। ਇਸ ਦੀ ਗੁਠਲੀ ਹੀ ਡੇਢ-ਦੋ ਸੌ ਗਰਾਮ ਦੀ ਹੁੰਦੀ ਹੈ।ਹੈਰਾਨੀ ਵਾਲਾ ਤੱਥ ਹੈ ਕਿ ਕਿਸੇ ਜ਼ਮਾਨੇ ਵਿਚ ਨੂਰਜਹਾਂ ਦੇ ਫਲ ਦਾ ਔਸਤ ਵਜ਼ਨ ਸਾਢੇ ਤਿੰਨ ਤੋਂ ਪੌਣੇ ਚਾਰ ਕਿਲੋ ਦਾ ਹੁੰਦਾ ਸੀ। ਜਾਣਕਾਰਾਂ ਮੁਤਾਬਕ ਪਿਛਲੇ ਇਕ ਦਹਾਕੇ ਵਿਚ ਮਾਨਸੂਨ ਵਿਚ ਦੇਰੀ ਤੇ ਵਾਤਾਵਰਣ ਵਿਚ ਆਈਆਂ ਤਬਦੀਲੀਆਂ ਕਾਰਨ ਨੂਰਜਹਾਂ ਦੇ ਭਾਰ ਵਿਚ ਕਮੀ ਆਈ ਹੈ।
