ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਜਿਹੜੇ ਜਿੱਥੇ ਵੀ ਜਾਂਦੇ ਹਨ ਇੱਕ ਸਖ਼ਸ਼ ਉਹਨਾਂ ਦੇ ਨਾਲ ਹਮੇਸ਼ਾ ਦਿਖਾਈ ਦਿੰਦਾ ਹੈ। ਉਹ ਹੈ ਸਲਮਾਨ ਖ਼ਾਨ ਦਾ ਬਾਡੀਗਾਰਡ ਸ਼ੇਰਾ ਜਿਹੜਾ ਪਿਛਲੇ 20 ਸਾਲਾਂ ਤੋਂ ਸਲਮਾਨ ਖ਼ਾਨ ਦੀ ਦੇਸ਼ਾਂ ਵਿਦੇਸ਼ਾਂ ‘ਚ ਰੱਖਿਆ ਕਰਦਾ ਹੈ। ਅੱਜ ਸ਼ੇਰਾ ਦਾ ਰੁਤਬਾ ਕਿਸੇ ਸਟਾਰ ਨਾਲੋਂ ਘੱਟ ਨਹੀਂ ਹੈ।

ਸਲਮਾਨ ਖ਼ਾਨ ਹੁਣ ਸ਼ੇਰਾ ਨੂੰ ਆਪਣੇ ਪਰਿਵਾਰ ਦਾ ਹੀ ਮੈਂਬਰ ਸਮਝਦੇ ਹਨ। ਸਲਮਾਨ ਖ਼ਾਨ ਦਾ ਬਾਡੀਗਾਰਡ ਸ਼ੇਰਾ ਵੀ ਅੱਜ ਦੇ ਸਮੇਂ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ। ਸ਼ੇਰਾ ਨੇ ਹੁਣ ਤੱਕ ਨਾ ਸਿਰਫ ਜਸਟਿਨ ਬੀਬਰ, ਸ਼ੇਰਾ ਨੇ ਕਈ ਹੋਰ ਕੌਮਾਂਤਰੀ ਸੈਲਿਬ੍ਰਿਟੀਜ਼- ਮਾਈਕਲ ਜੈਕਸਨ, ਵਿਲ ਸਮਿੱਥ, ਜੈਕੀ ਚੇਨ ਤੇ ਬਾਲੀਵੁੱਡ ਦੇ ਅਮਿਤਾਭ ਬੱਚਨ ਵਰਗੇ ਸਿਤਾਰਿਆਂ ਲਈ ਸਕਿਉਰਿਟੀ ਸਰਵਿਸ ਦਿੱਤੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ੇਰਾ ਦੀ ਤਨਖ਼ਾਹ ਕਿੰਨੀ ਹੈ ? ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸ਼ੇਰਾ ਸਲਮਾਨ ਖ਼ਾਨ ਦੀ ਰੱਖਿਆ ਕਰਨ ਦੇ ਕਿੰਨ੍ਹੇ ਕੁ ਰੁਪਏ ਲੈਂਦਾ ਹੈ ?

ਇੱਕ ਵੈਬਸਾਈਟ ਮੁਤਾਬਿਕ ਸ਼ੇਰਾ ਸਲਮਾਨ ਖ਼ਾਨ ਦੀ ਰੱਖਿਆ ਕਰਨ ਦੇ 2 ਕਰੋੜ ਰੁਪਏ ਇੱਕ ਸਾਲ ਦੇ ਲੈਂਦਾ ਹੈ ਯਾਨੀ ਮਹੀਨੇ ਦੇ ਤਕਰੀਬਨ 16 ਲੱਖ ਰੁਪਏ ਉਹਨਾਂ ਦੀ ਤਨਖ਼ਾਹ ਹੈ। ਇੱਕ ਪੰਜਾਬੀ ਪਰਿਵਾਰ ਵਿੱਚ ਗੁਰਮੀਤ ਸਿੰਘ ਜੌਲੀ ਦੇ ਰੂਪ ਵਿੱਚ ਜਨਮਿਆ ਸ਼ੇਰਾ ਮਿਸਟਰ ਮੁੰਬਈ ਵਰਗੇ ਕਈ ਬਾਡੀ ਬਿਲਡਿੰਗ ਐਵਾਰਡ ਆਪਣੇ ਨਾਂ ਕਰ ਚੁੱਕਾ ਹੈ। ਪੰਜਾਬੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸ਼ੇਰਾ ਨੂੰ ਬਚਪਨ ਤੋਂ ਹੀ ਬਾਡੀ ਬਿਲਡਿੰਗ ਦਾ ਸ਼ੌਕ ਸੀ। ਇਹੀ ਕਾਰਨ ਹੈ ਕਿ ਉਹ 1987 ਵਿੱਚ ਜੂਨੀਅਰ ਮਿਸਟਰ ਮੁੰਬਈ ਅਤੇ ਇਸ ਤੋਂ ਅਗਲੇ ਸਾਲ ਜੂਨੀਅਰ ਵਰਗ ਵਿੱਚ ਮਿਸਟਰ ਮਹਾਰਾਸ਼ਟਰ ਚੁਣੇ ਗਏ।

ਸ਼ੇਰਾ ਦੇ ਪਿਤਾ ਮੁੰਬਈ ਵਿੱਚ ਗੱਡੀਆਂ ਦੀ ਰਿਪੇਅਰ ਕਰਨ ਦੀ ਵਰਕਸ਼ਾਪ ਚਲਾਉਂਦੇ ਸਨ। ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਪਿਆਰ ਨਾਲ ਸ਼ੇਰਾ ਬੁਲਾਉਂਦੇ ਸਨ। ਸ਼ੇਰਾ ਅਕਸਰ ਕਹਿੰਦੇ ਹਨ ਕਿ ਉਹ ਸਲਮਾਨ ਦੀ ਹਿਫਾਜ਼ਤ ਇੱਕ ਦੋਸਤ ਦੀ ਤਰ੍ਹਾਂ ਕਰਦੇ ਹਨ। ਸ਼ੇਰਾ ਮੁੰਬਈ ‘ਚ ਸਲਮਾਨ ਦੇ ਗੁਆਂਢ ‘ਚ ਰਹਿੰਦੇ ਹਨ। ਸਲਮਾਨ ਦੇ ਕਹਿਣ ‘ਤੇ ਸ਼ੇਰਾ ਨੇ ਆਪਣੀ ਇਵੈਂਟ ਕੰਪਨੀ ਵਿਜਕਰਾਫਟ ਵੀ ਖੋਲੀ ਹੈ। ਨਾਲ ਹੀ ਉਨ੍ਹਾਂ ਦੀ ਇੱਕ ਹੋਰ ਕੰਪਨੀ ਟਾਇਗਰ ਸਿਕਿਓਰਿਟੀ ਵੀ ਹੈ, ਜੋ ਸੈਲੀਬਰੇਟੀਜ਼ ਨੂੰ ਸੁਰੱਖਿਆ ਦਿੰਦੀ ਹੈ।
ਦੱਸ ਦਈਏ ਕਿ ਸਲਮਾਨ ਖ਼ਾਨ ਦੀ ਬਲਾਕਬਸਟਰ ਫਿਲਮ ਸੁਲਤਾਨ ‘ਚ ਸ਼ੇਰਾ ਦੇ ਪੁੱਤਰ ਟਾਈਗਰ ਨੇ ਵੀ ਕੰਮ ਕੀਤਾ ਹੈ। ਟਾਈਗਰ ਇਸ ਫਿਲਮ ਵਿੱਚ ਅਸਿਸਟੈਂਟ ਡਾਇਰੈਕਟਰ ਸਨ। ਉੱਥੇ ਹੀ ਸ਼ੇਰਾ ਖ਼ੁਦ ਵੀ ਬਾਡੀਗਾਰਡ ਫਿਲਮ ਦੇ ਟਾਈਟਲ ਟ੍ਰੈਕ ‘ਚ ਨਜ਼ਰ ਆ ਚੁੱਕੇ ਹਨ।