ਹੁਸ਼ਿਆਰਪੁਰ ਦੇ ਪਿੰਡ ਸਰਹਾਲ ਮੁੰਡੀਆਂ ਵਿੱਚ ਇੱਕ ਵਿਆਹੁਤਾ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਨਾਲ ਹਸਪਤਾਲ ਵਿੱਚ ਜਾ ਕੇ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਮਾਤਾ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਲਗਭਗ ਅੱਠ ਮਹੀਨੇ ਪਹਿਲਾਂ ਆਪਣੀ ਲੜਕੀ ਦਾ ਵਿਆਹ ਗੁਰਪ੍ਰੀਤ ਸਿੰਘ ਨਾਲ ਕੀਤਾ ਸੀ। ਉਨ੍ਹਾਂ ਦੀ ਬੇਟੀ ਦਾ ਸਹੁਰਾ ਪਰਿਵਾਰ ਉਸ ਨੂੰ ਚੋਭਾਂ ਮਾਰਦਾ ਰਹਿੰਦਾ ਸੀ ਕਿ ਪਿੰਡ ਵਿੱਚ ਹੋਰ ਲੋਕਾਂ ਨੂੰ ਦਾਜ ਵਿੱਚ ਬੁਲੇਟ ਮੋਟਰਸਾਈਕਲ ਮਿਲਿਆ ਹੈ ਪਰ ਉਨ੍ਹਾਂ ਨੂੰ ਨਹੀਂ ਮਿਲਿਆ। ਉਨ੍ਹਾਂ ਦੀ ਬੇਟੀ ਜਦੋਂ ਵੀ ਪੇਕੇ ਆਉਂਦੀ ਸੀ ਤਾਂ ਆਪਣੇ ਸਹੁਰਿਆਂ ਦੀਆਂ ਇਹ ਗੱਲਾਂ ਦੱਸਦੀ ਸੀ ਪਰ ਉਹ ਉਸ ਨੂੰ ਸਮਝਾ ਬੁਝਾ ਕੇ ਭੇਜ ਦਿੰਦੇ ਸਨ।

ਉਨ੍ਹਾਂ ਦੀ ਬੇਟੀ ਨੇ ਤੰਗ ਹੋ ਕੇ ਆਪਣੀ ਜਾਨ ਦੇ ਦਿੱਤੀ ਹੈ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕਾਂ ਦੇ ਇੱਕ ਹੋਰ ਸਬੰਧੀ ਦੇ ਦੱਸਣ ਅਨੁਸਾਰ ਮ੍ਰਿਤਕਾਂ ਦੇ ਸਹੁਰੇ ਅਕਸਰ ਹੀ ਉਸ ਨੂੰ ਬੁਲੇਟ ਮੋਟਰਸਾਈਕਲ ਦੇ ਮੰਗਦੇ ਰਹਿੰਦੇ ਸਨ। ਜਦੋਂ ਵੀ ਪਿੰਡ ਵਿੱਚ ਕਿਸੇ ਨੂੰ ਦਾਜ ਵਿਚ ਬੁਲਟ ਮੋਟਰਸਾਈਕਲ ਮਿਲਦਾ ਸੀ ਤਾਂ ਉਹ ਇਸ ਦਾ ਵਿਸ਼ੇਸ਼ ਜ਼ਿਕਰ ਕਰਦੇ ਹਨ। ਇਸ ਤੋਂ ਬਿਨਾਂ ਝਗੜੇ ਦਾ ਇਕ ਕਾਰਨ ਇਹ ਵੀ ਸੀ ਕਿ ਲੜਕਾ ਦਿੱਲੀ ਨੌਕਰੀ ਕਰਦਾ ਸੀ ਅਤੇ ਲੜਕੀ ਚਾਹੁੰਦੀ ਸੀ ਕਿ ਉਹ ਉਸ ਨੂੰ ਉੱਥੇ ਆਪਣੇ ਨਾਲ ਲੈ ਜਾਵੇ।

ਇੱਕ ਦਿਨ ਪਹਿਲਾਂ ਲੜਕੀ ਨਾਰਾਜ਼ ਹੋ ਕੇ ਆਪਣੇ ਸਵੇਰੇ ਪੇਕੇ ਘਰ ਆ ਗਈ ਅਤੇ ਉਸ ਦਿਨ ਸ਼ਾਮ ਨੂੰ ਉਸ ਦਾ ਪਤੀ ਉਸ ਨੂੰ ਲੈ ਗਿਆ ਉੱਥੇ ਜਾ ਕੇ ਲੜਕੀ ਨੇ ਕੋਈ ਜਹਿਰੀਲੀ ਚੀਜ਼ ਖਾ ਲਈ। ਉਨ੍ਹਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਾਤ ਨੂੰ ਹਸਪਤਾਲ ਵੱਲੋਂ ਸੂਚਨਾ ਮਿਲੀ ਸੀ ਕਿ ਇਕ ਲੜਕੀ ਨੇ ਜ਼ਹਿਰੀਲੀ ਚੀਜ਼ ਖਾ ਲਈ ਹੈ। ਜਦੋਂ ਜਾਂਚ ਅਫਸਰ ਹਸਪਤਾਲ ਪਹੁੰਚਿਆ ਤਾਂ ਲੜਕੀ ਬਿਆਨ ਦੇਣ ਦੇ ਯੋਗ ਨਹੀਂ ਸੀ। ਪਰ ਸਵੇਰੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕਾ ਦੇ ਪਤੀ ਗੁਰਪ੍ਰੀਤ ਸਿੰਘ ਸਹੁਰਾ ਜਗਦੀਸ਼ ਅਤੇ ਸੱਸ ਬਿਮਲਾ ਦੇਵੀ ਖਿਲਾਫ ਪਰਚਾ ਦਰਜ ਕਰ ਲਿਆ ਹੈ।