ਜ਼ਿਆਦਾਤਰ ਪੰਜਾਬੀਆਂ ਦਾ ਸੁਪਨਾ ਵਿਦੇਸ਼ ਜਾ ਕੇ ਪੱਕੇ ਹੋਣ ਦਾ ਹੁੰਦਾ ਹੈ। ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਪੜ੍ਹਾਈ ਕਰਨ ਵਿਦੇਸ਼ ਵਿੱਚ ਜਾਂਦੇ ਹਨ। ਪਰ ਵਿਦੇਸ਼ ਵਿੱਚ ਰਹਿ ਕੇ ਪੜ੍ਹਾਈ ਕਰਨਾ ਇੰਨਾ ਆਸਾਨ ਨਹੀਂ ਹੈ। ਵਿਦੇਸ਼ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਕੈਨੇਡਾ ਹੁੰਦੀ ਹੈ। ਉਹ ਕੈਨੇਡਾ ਵਿਚ ਪੜ੍ਹਨ ਲਈ ਜਾਂਦੇ ਹਨ ਪਰ ਕੈਨੇਡਾ ਵਿੱਚ ਰਹਿ ਕੇ ਪੜ੍ਹਾਈ ਕਰਨ ਤੇ ਵੀ ਅੰਨ੍ਹੇਵਾਹ ਖਰਚਾ ਆਉਂਦਾ ਹੈ।

ਜਿਸ ਨੂੰ ਪੂਰਾ ਕਰਨ ਅਤੇ ਪੰਜਾਬ ਬੈਠੇ ਆਪਣੇ ਪਰਿਵਾਰ ਨੂੰ ਕੁਝ ਆਰਥਿਕ ਮਦਦ ਲਾਉਣ ਲਈ ਵਿਦਿਆਰਥੀ ਕੈਨੇਡਾ ਵਿੱਚ ਕੰਮ ਕਰਨ ਦੀ ਮਿਆਦ ਤੋਂ ਵੱਧ ਕੰਮ ਕਰਦੇ ਹਨ। ਥੋੜ੍ਹਾ ਸਮਾਂ ਪਹਿਲਾਂ ਜੋਬਨ ਨਾਮੀ ਵਿਦਿਆਰਥੀ ਨੂੰ ਕੈਨੇਡਾ ਵਿੱਚ ਅਧਿਕਾਰੀਆਂ ਨੇ ਵੀਹ ਘੰਟੇ ਤੋਂ ਜ਼ਿਆਦਾ ਕੰਮ ਕਰਦੇ ਨੂੰ ਫੜ੍ਹ ਲਿਆ ਸੀ। ਜਿਸ ਤੋਂ ਬਾਅਦ ਉਸ ਨੂੰ ਵਾਪਿਸ ਪੰਜਾਬ ਭੇਜਣ ਦਾ ਮੁੱਦਾ ਹਾਲੇ ਤਕ ਗਰਮਾਇਆ ਹੋਇਆ ਹੈ। ਕੈਨੇਡਾ ਵਿੱਚ ਰਹਿ ਕੇ ਪੜ੍ਹਾਈ ਕਰਨਾ ਅਤੇ ਦਿੱਤੇ ਗਏ ਵੀਹ ਘੰਟਿਆਂ ਦੀ ਮਿਆਦ ਵਿੱਚ ਕੰਮ ਕਰਕੇ ਆਪਣੇ ਖਰਚੇ ਚਲਾਉਣਾ ਬਹੁਤ ਮੁਸ਼ਕਿਲ ਹੈ।

ਕੰਜ਼ਰਵੇਟਿਵ ਪਾਰਟੀ ਦੇ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਹ ਕੈਨੇਡਾ ਚ ਵਿਦਿਆਰਥੀਆਂ ਦੇ ਵੀਹ ਘੰਟੇ ਕੰਮ ਕਰਨ ਦੀ ਮਿਆਦ ਨੂੰ ਵਧਾਉਣ ਬਾਰੇ ਸੋਚ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਪਰਵਾਸੀ ਵਿਦਿਆਰਥੀ ਵੱਡੀ ਮਾਤਰਾ ਵਿੱਚ ਆ ਰਹੇ ਹਨ। ਪਰ ਉਹ ਸਾਰੇ ਹੀ ਇੱਥੇ ਪੱਕੇ ਨਹੀਂ ਹੋ ਸਕਦੇ। ਪੜ੍ਹਾਈ ਕਰਨ ਆਏ ਵਿਦਿਆਰਥੀਆਂ ਵਿੱਚੋਂ ਅੱਧ ਤੋਂ ਵੱਧ ਵਾਪਿਸ ਆਪਣੇ ਮੁਲਕਾਂ ਨੂੰ ਜਾਣਗੇ।