ਅੰਮ੍ਰਿਤਸਰ ਵਿੱਚ ਇੱਕ ਬੱਚੇ ਨੂੰ ਦੋ ਮੋਟਰਸਾਈਕਲ ਸਵਾਰਾਂ ਦੁਆਰਾ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਾ ਸਕੂਲ ਵਿੱਚ ਛੁੱਟੀ ਹੋਣ ਤੋਂ ਮਗਰੋਂ ਘਰ ਨੂੰ ਵਾਪਸ ਆ ਰਿਹਾ ਸੀ। ਬਾਜ਼ਾਰ ਦੇ ਨੇੜੇ ਉਸ ਨੂੰ ਮੋਟਰਸਾਈਕਲ ਸਵਾਰਾਂ ਨੇ ਚੁੱਕ ਕੇ ਮੋਟਰਸਾਈਕਲ ਤੇ ਬਿਠਾ ਲਿਆ। ਉਨ੍ਹਾਂ ਦੇ ਚਿਹਰਿਆਂ ਤੇ ਮਾਸਕ ਲਗਾਇਆ ਹੋਇਆ ਸੀ। ਬੱਚੇ ਦੁਆਰਾ ਉਨ੍ਹਾਂ ਦੇ ਦੰਦੀਆਂ ਵੱਢਣ ਅਤੇ ਨਾ ਮਾਰਨ ਕਰਕੇ ਉਨ੍ਹਾਂ ਨੇ ਬੱਚੇ ਨੂੰ ਅਤੇ ਉਸ ਦੇ ਬੈਗ ਨੂੰ ਹੇਠਾਂ ਸੁੱਟ ਦਿੱਤਾ। ਇਸ ਮਗਰੋਂ ਕਿਸੇ ਨੇ ਬੱਚੇ ਨੂੰ ਪੁਲੀਸ ਤੱਕ ਪਹੁੰਚਾ ਦਿੱਤਾ।

ਜਿਸ ਕਰਕੇ ਬੱਚਾ ਬਚ ਗਿਆ ਅਤੇ ਆਪਣੇ ਘਰ ਸੁਰੱਖਿਅਤ ਪਹੁੰਚ ਗਿਆ। ਬੱਚੇ ਸਾਹਿਲ ਦੀਪ ਦੇ ਦੱਸਣ ਅਨੁਸਾਰ ਜਦੋਂ ਉਹ ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਬਾਜ਼ਾਰ ਕੋਲ ਦੋ ਮੋਟਰਸਾਈਕਲ ਸਵਾਰ ਬੰਦਿਆਂ ਨੇ ਉਸ ਨੂੰ ਧੱਕੇ ਨਾਲ ਮੋਟਰਸਾਈਕਲ ਤੇ ਬਿਠਾ ਲਿਆ। ਇਨ੍ਹਾਂ ਦੇ ਮੂੰਹ ਤੇ ਮਾਸਕ ਲੱਗੇ ਹੋਏ ਸਨ। ਸਿਰਫ ਅੱਖਾਂ ਹੀ ਨੰਗੀਆਂ ਸਨ। ਜਦੋਂ ਇਹ ਬੱਚੇ ਨੂੰ ਲੈ ਕੇ ਜਾਣ ਲੱਗੇ ਤਾਂ ਬੱਚੇ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਿਨਾਂ ਬੱਚੇ ਨੇ ਉਨ੍ਹਾਂ ਵਿੱਚੋਂ ਇੱਕ ਜਣੇ ਨੂੰ ਨੌਂ ਮਾਰੇ ਅਤੇ ਇੱਕ ਦੇ ਦੰਦੀ ਵੀ ਵੱਢ ਦਿੱਤੀ।

ਇਸ ਤਰ੍ਹਾਂ ਹਿੱਲਜੁਲ ਹੋਣ ਨਾਲ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਲੱਗਾ ਅਤੇ ਉਹ ਬੰਦੇ ਬੱਚੇ ਨੂੰ ਬੈਗ ਸਮੇਤ ਹੇਠਾਂ ਸੁੱਟ ਕੇ ਫਰਾਰ ਹੋ ਗਏ। ਇੰਨੇ ਨੂੰ ਉੱਥੇ ਇੱਕ ਆਦਮੀ ਆ ਗਿਆ। ਉਸ ਨੂੰ ਬੱਚੇ ਨੇ ਪੂਰੀ ਕਹਾਣੀ ਦੱਸੀ। ਉਹ ਆਦਮੀ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਬੱਚੇ ਨੂੰ ਪੁਲਿਸ ਕੋਲ ਲੈ ਗਿਆ। ਪੁਲਿਸ ਨੇ ਬੱਚੇ ਦੇ ਘਰ ਫ਼ੋਨ ਕਰਕੇ ਬੱਚਾ ਪਰਿਵਾਰ ਦੇ ਹਵਾਲੇ ਕਰ ਦਿੱਤਾ। ਬੱਚੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਜਦੋਂ ਚੁੱਕਿਆ ਜਾਂਦਾ ਹੈ ਤਾਂ ਇੱਕ ਵੱਜ ਕੇ 51 ਮਿੰਟ ਦਾ ਸਮਾਂ ਸੀ ਅਤੇ ਦੋ ਵੱਜ ਕੇ 50 ਮਿੰਟ ਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਪੂਰਾ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਐੱਫ ਆਈ ਆਰ ਨਹੀਂ ਲਿਖੀ।