ਭਾਖੜਾ ਡੈਮ ਵਿਚੋਂ ਛੱਡੇ ਗਏ ਪਾਣੀ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਨੇੜਲੇ ਦਰਜਨਾਂ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ ਹੈ। ਦਰਅਸਲ ਭਾਖੜਾ ਬੰਨ੍ਹ ਦੇ 4 ਫਲੱਡ ਗੇਟਾਂ ਜਰੀਏ 19 ਹਜ਼ਾਰ ਕਿਊਸਿਕ ਪਾਣੀ ਸਤਲੁਜ ਦਰਿਆ ਵਿਚ ਛੱਡ ਦਿੱਤਾ ਗਿਆ ਹੈ। ਇਹ ਪਾਣੀ ਅਗਲੇ ਕੁਝ ਘੰਟਿਆਂ ਵਿਚ ਪੰਜਾਬ ਦੇ ਹੋਰ ਕਈ ਜਿਲ੍ਹਿਆਂ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ।

ਇਕ ਪਾਸੇ ਕਿਸਾਨਾਂ ਨੂੰ ਭਾਖੜਾ ਦੇ ਕਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦੂਜੇ ਪਾਸੇ ਲਗਾਤਾਰ ਭਾਰੀ ਮੀਂਹ ਵੀ ਪੈ ਰਿਹਾ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਵਿਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਅਜਿਹੇ ਵਿਚ ਕਿਸਾਨਾਂ ਦੀ ਚਿੰਤਾ ਵਿਚ ਹੋਰ ਵੀ ਵਾਧਾ ਹੋ ਗਿਆ।ਇਹ ਪਾਣੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਵੱਢੀ ਤਬਾਹੀ ਮਚਾ ਰਿਹਾ ਹੈ।

ਕਈ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਤੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਤੁਸੀਂ ਇਨ੍ਹਾਂ ਤਸਵੀਰਾਂ ਵਿਚ ਸਾਫ ਵੇਖ ਸਕਦੇ ਹੋ ਕਿ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਚੁੱਕੀ ਹੈ। ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁੱਕਾ ਹੈ। ਪਾਣੀ ਕਾਰਨ ਰਸਤੇ ਬਲਾਕ ਹੋ ਚੁੱਕੇ ਹਨ ਤੇ ਲੋਕਾਂ ਨੂੰ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਕਈ ਕਈ ਫੁੱਟ ਪਾਣੀ ਵਿਚੋਂ ਹੀ ਲੰਘਣਾ ਪੈ ਰਿਹਾ ਹੈ।
ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਹਰ ਸਾਲ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਸਰਕਾਰ ਵੱਲੋਂ ਹਰ ਸਥਿਤੀ ਨਾਲ ਨਜਿੱਠਣ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ਉੱਤੇ ਕਿਤੇ ਵੀ ਨਜ਼ਰ ਨਹੀਂ ਆਉਂਦੇ। ਕਿਸਾਨਾਂ ਦਾ ਕਹਿਣਾ ਕਿ ਖੇਤਾਂ ਵਿਚ ਪਾਣੀ ਭਰਨ ਨਾਲ ਉਨ੍ਹਾਂ ਦੀ ਝੋਨੇ ਤੇ ਮੱਕੀ ਦੀ ਫਸਲ ਬਰਬਾਦ ਹੋ ਗਈ ਹੈ। ਕਿਸਾਨਾਂ ਨੇ ਸਮੱਸਿਆ ਦਾ ਢੁਕਵਾਂ ਹੱਲ ਕੱਢਣ ਤੇ ਖ਼ਰਾਬ ਹੋਈ ਫਸਲ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।