ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ 13 ਅਕਤੂਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਸਮੇਂ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਭੇਟ ਕੀਤੇ ਜਾਣ ਵਾਲਾ ਸੋਨੇ ਦਾ ਚੌਰ ਸਾਹਿਬ ਅੱਜ ਇੱਥੇ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸੌਂਪਿਆ। ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਇਕ ਵਿਸ਼ਾਲ ਅੰਤਰਰਾਸ਼ਟਰੀ ਨਗਰ ਕੀਰਤਨ ਨਨਕਾਣਾ ਸਾਹਿਬ ਤੱਕ ਸਜਾਇਆ ਜਾਣਾ ਹੈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਨਨਕਾਣਾ ਸਾਹਿਬ ਵਿਚ ਸੁਸ਼ੋਭਿਤ ਕਰਨ ਲਈ ਸੋਨੇ ਦੀ ਇਕ ਪਾਲਕੀ, ਸੁਨਹਿਰੀ ਜਿਲਦ ਵਾਲਾ ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਸੋਨੇ ਦਾ ਚੌਰ ਸਾਹਿਬ ਲਿਜਾਇਆ ਜਾਣਾ ਹੈ। ਸੋਨੇ ਦੀ ਪਾਲਕੀ ਸਾਹਿਬ ਅਤੇ ਸੁਨਹਿਰੀ ਜਿਲਦ ਦੀ ਕਾਰਸੇਵਾ ਪਹਿਲਾਂ ਹੀ ਦਮਦਮੀ ਟਕਸਾਲ ਵੱਲੋਂ ਕੀਤੀ ਜਾ ਰਹੀ ਹੈ।

ਸੋਨੇ ਦੀ ਪਾਲਕੀ ਲਈ ਜੀਤ ਸਿੰਘ ਨਾਮੀ ਸਿੱਖ ਨੇ ਆਪਣਾ ਸਾਰਾ ਸੋਨਾ ਦਿੱਲੀ ਕਮੇਟੀ ਨੂੰ ਸੌਂਪ ਦਿੱਤਾ ਸੀ ਅਤੇ ਅੱਜ ਗਾਇਕ ਦਲੇਰ ਮਹਿੰਦੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪਰਿਵਾਰ ਸਮੇਤ ਪਹੁੰਚ ਕੇ ਸੋਨੇ ਦਾ ਚੌਰ ਸਾਹਿਬ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸੌਂਪਿਆ। ਆਉ ਜਾਣਦੇ ਗੁਰੂਦਵਾਰਾ ਨਨਕਾਣਾ ਸਾਹਿਬ ਬਾਰੇ ਨਨਕਾਣਾ ਸਾਹਿਬ ਪੰਜਾਬ, ਪਾਕਿਸਤਾਨ ਦਾ ਇੱਕ ਸ਼ਹਿਰ ਹੈ। ਇਸਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਨਨਕਾਣਾ ਸਾਹਿਬ ਹੈ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪੰਜਾਬ, ਪਾਕਿਸਤਾਨ) ਵਿਖੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਇਸ ਸਥਾਨ ਨੂੰ ਪਹਿਲਾਂ ਰਾਇ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ। ਇਸ ਪਾਵਨ ਧਰਤ ਉਤੇ ਗੁਰੂ ਸਾਹਿਬ ਦਾ ਬਚਪਨ ਬੀਤਿਆ।
ਲਾਹੌਰ ਤੋਂ ਇਹ 80 ਕਿਲੋਮੀਟਰ ਉੱਤੇ ਫੈਸਲਾਬਾਦ ਤੋਂ 75 ਕਿਲੋਮੀਟਰ ਦੇ ਫਾਸਲੇ ਉੱਤੇ ਹੈ। ਇਹਦਾ ਪੁਰਾਣਾ ਨਾਂ ਤਲਵੰਡੀ ਸੀ। ਇਹਨੂੰ ਰਾਇ ਭੋਇ ਦੀ ਤਲਵੰਡੀ ਅਤੇ ਰਾਇਪੁਰ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਸਿੱਖ ਧਰਮ ਦੀ ਨਿਉਂ ਰੱਖਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪੈਦਾ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਹੀ ਇਸ ਸਥਾਨ ਦਾ ਨਾਮ ਨਨਕਾਣਾ ਸਾਹਿਬ ਪੈ ਗਿਆ। ਗੁਰਦੁਆਰਾ ਜਨਮ ਅਸਥਾਨ ਸਾਹਿਬ ਇਸੇ ਸ਼ਹਿਰ ਵਿੱਚ ਵਾਕਿਆ ਹੈ ਇਸ ਲਈ ਇਹ ਥਾਂ ਸਿੱਖਾਂ ਲਈ ਬੜੀ ਪਵਿੱਤਰ ਹੈ। ਇਹ ਜ਼ਿਲ੍ਹਾ ਨਨਕਾਣਾ ਸਾਹਿਬ ਦਾ ਹੈੱਡਕਵਾਟਰ ਵੀ ਹੈ ਅਤੇ ਤਹਿਸੀਲ ਵੀ। ਇਥੇ ਗੁਰੂ ਜੀ ਨਾਲ ਸੰਬੰਧਤ ਹੋਰ ਵੀ ਗੁਰਦੁਆਰੇ ਹਨ ਜਿਵੇਂ ਕਿ ਪੱਟੀ ਸਾਹਿਬ, ਕਿਆਰਾ ਸਾਹਿਬ, ਬਾਲ ਲੀਲਾ ਸਾਹਿਬ ਅਤੇ ਤੰਬੂ ਸਾਹਿਬ।