ਬਟਾਲਾ ਪੁਲੀਸ ਨੇ ਇੱਕ ਮਰਦ ਅਤੇ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਤੋਂ 5 ਗ੍ਰਾਮ ਹੈਰੋਇਨ ਅਤੇ 3000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਵਿਅਕਤੀ ਦਾ ਨਾਮ ਸੁਖਵਿੰਦਰ ਸਿੰਘ ਅਤੇ ਔਰਤ ਦਾ ਨਾਮ ਰਜਨੀ ਉਰਫ ਰੱਜੀ ਹੈ। ਇਹ ਦੋਵੇਂ ਕਿਰਾਏ ਤੇ ਇੱਕ ਕੋਠੀ ਲੈ ਕੇ ਰਹਿ ਰਹੇ ਸਨ। ਇਨ੍ਹਾਂ ਤੋਂ ਇਕ ਮੋਟਰਸਾਈਕਲ ਹੀਰੋ ਹਾਂਡਾ ਬਰਾਮਦ ਹੋਇਆ ਹੈ। ਜਿਸ ਤੇ ਗਲਤ ਨੰਬਰ ਲਗਾਇਆ ਹੋਇਆ ਸੀ ਅਤੇ ਇੱਕ ਐਕਟਿਵਾ ਬਰਾਮਦ ਹੋਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਪਤੀ ਪਤਨੀ ਨਹੀਂ ਹਨ।

ਪੁਲਿਸ ਅਧਿਕਾਰੀ ਦੁਆਰਾ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਸੀਆਈਏ ਸਟਾਫ ਦੇ ਏ ਐੱਸ ਆਈ ਨੇ ਪੁਲਿਸ ਪਾਰਟੀ ਸਮੇਤ ਅਲੀਵਾਲ ਰੋਡ ਤੇ ਨਾਕਾ ਲਗਾਇਆ ਹੋਇਆ ਸੀ ਤਾਂ ਉਨ੍ਹਾਂ ਨੇ ਸਵੇਰੇ 6:30 ਵਜੇ ਐਕਟਿਵਾ ਤੇ ਆ ਰਹੇ ਇੱਕ ਮਰਦ ਅਤੇ ਔਰਤ ਨੂੰ ਰੋਕਿਆ। ਔਰਤ ਨੇ ਆਪਣੇ ਹੱਥ ਵਾਲਾ ਸਾਮਾਨ ਮਰਦ ਨੂੰ ਫੜਾਉਣਾ ਚਾਹਿਆ ਤਾਂ ਕਿ ਉਹ ਭੱਜ ਜਾਵੇ।

ਪਰ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਇੰਨੇ ਵਿੱਚ ਉਥੇ ਸਬ ਇੰਸਪੈਕਟਰ ਵੀ ਪਹੁੰਚ ਗਿਆ। ਤਲਾਸ਼ੀ ਦੌਰਾਨ ਇਨ੍ਹਾਂ ਤੋਂ ਪੰਜ ਗ੍ਰਾਮ ਹੈਰੋਇਨ ਅਤੇ ਤਿੰਨ ਹਜ਼ਾਰ ਪਾਬੰਦੀ-ਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ। ਵਿਅਕਤੀ ਦਾ ਨਾਮ ਸੁਖਵਿੰਦਰ ਸਿੰਘ ਉਰਫ ਸਾਹਿਲ ਪੁੱਤਰ ਅਨੂਪ ਸਿੰਘ ਪਿੰਡ ਲੁਹਾਰਕਾ ਕਲਾਂ ਥਾਣਾ ਕੰਬੋਅ ਹੈ। ਜਦਕਿ ਔਰਤ ਦਾ ਨਾਮ ਰਜਨੀ ਉਰਫ ਰੱਜੀ ਪਤਨੀ ਕਸ਼ਮੀਰ ਮਸੀਹ ਹੈ। ਇਹ ਦੋਵੇਂ ਜਣੇ ਬਟਾਲਾ ਦੇ ਅਲੀਵਾਲ ਰੋਡ ਫੈਜ਼ਪੁਰਾ ਵਿਖੇ ਕਿਰਾਏ ਤੇ ਇੱਕ ਕੋਠੀ ਲੈ ਕੇ ਨਸ਼ੇ ਦਾ ਧੰਦਾ ਕਰਦੇ ਸਨ।
ਇਨ੍ਹਾਂ ਤੋਂ ਇੱਕ ਹੀਰੋ ਹਾਂਡਾ ਮੋਟਰਸਾਈਕਲ ਵੀ ਮਿਲਿਆ ਹੈ। ਜਿਸ ਤੇ ਗਲਤ ਨੰਬਰ ਲਗਾਇਆ ਹੋਇਆ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਰਜਨੀ ਉੱਤੇ ਪਹਿਲਾਂ ਵੀ ਇਕ ਮਾਮਲਾ ਦਰਜ ਹੈ। ਜਦਕਿ ਸੁਖਵਿੰਦਰ ਸਿੰਘ ਕਈ ਮਾਮਲਿਆਂ ਵਿੱਚ ਸ਼ਾਮਿਲ ਹੈ। ਇਨ੍ਹਾਂ ਦੋਵਾਂ ਉੱਤੇ ਹੀ ਸਿਵਲ ਲਾਈਨ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਜਾਂਚ ਪੂਰੀ ਕੀਤੀ ਜਾ ਸਕੇ ਅਤੇ ਇਨ੍ਹਾਂ ਬਾਰੇ ਹੋਰ ਵੀ ਖੁਲਾਸੇ ਹੋ ਸਕਣ। ਇਹ ਦੋਵੇਂ ਪਤੀ ਪਤਨੀ ਨਾ ਹੋਣ ਦੇ ਬਾਵਜੂਦ ਵੀ ਇਕੱਠੇ ਰਹਿ ਕੇ ਨਸ਼ੇ ਦਾ ਧੰਦਾ ਕਰ ਰਹੇ ਸਨ।