ਭਾਰਤੀ ਰਿਜ਼ਰਵ ਬੈਂਕ ਨੇ ਆਮ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ, RBI ਦੇ ਅੱਜ ਦੇ ਫੈਸਲੇ ਨਾਲ ਕਰਜ਼ਾ ਲੈਣਾ ਸਸਤਾ ਹੋ ਜਾਵੇਗਾ ਅਤੇ ਕਿਸ਼ਤਾਂ ਵੀ ਆਸਾਨ ਹੋ ਜਾਣਗੀਆਂ। ਹੋਮ, ਕਾਰ ਤੇ ਬਿਜ਼ਨੈੱਸ ਲੋਨ ਵੀ ਹੋਰ ਸਸਤੇ ਹੋ ਸਕਦੇ ਹਨ।ਭਾਰਤੀ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ‘ਚ ਬੁੱਧਵਾਰ ਨੂੰ ਖਤਮ ਹੋਈ ਤਿੰਨ ਦਿਨਾਂ ਨੀਤੀਗਤ ਬੈਠਕ ‘ਚ ਮਾਨਿਟਰੀ ਪਾਲਿਸੀ ਕਮੇਟੀ (ਐੱਨ. ਪੀ. ਸੀ.) ਨੇ ਪ੍ਰਮੁੱਖ ਵਿਆਜ ਦਰਾਂ ‘ਚ 0.35 ਫੀਸਦੀ ਦੀ ਕਮੀ ਕਰ ਦਿੱਤੀ ਹੈ।

ਸੁਸਤ ਇਕਨੋਮਿਕ ਰਫਤਾਰ ਵਿਚਕਾਰ ਆਰ. ਬੀ. ਆਈ. ਨੇ ਇਸ ਸਾਲ ਇਹ ਲਗਾਤਾਰ ਚੌਥੀ ਵਾਰ ਕਟੌਤੀ ਕੀਤੀ ਹੈ। ਹੁਣ ਰੇਪੋ ਦਰ 5.40 ਫੀਸਦੀ ਹੋ ਗਈ ਹੈ ਜੋ ਪਹਿਲਾਂ 5.75 ਫੀਸਦੀ ਸੀ। ਇਸ ਨਾਲ ਹੋਮ ਲੋਨ, ਕਾਰ ਲੋਨ ਸਮੇਤ ਸਾਰੇ ਤਰ੍ਹਾਂ ਦੇ ਕਰਜ਼ ਜਲਦ ਸਸਤੇ ਹੋਣਗੇ, ਨਾਲ ਹੀ ਫਲੋਟਿੰਗ ‘ਤੇ ਚੱਲ ਰਹੇ ਕਰਜ਼ ਦੀ ਈ. ਐੱਮ. ਆਈ. ਵੀ ਘੱਟ ਹੋਵੇਗੀ।

ਰੇਪੋ ਦਰ ਉਹ ਦਰ ਹੈ ਜਿਸ ‘ਤੇ ਬੈਂਕ ਰੋਜ਼ਾਨਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਤੋਂ ਉਧਾਰ ਲੈਂਦੇ ਹਨ। ਇਸ ‘ਚ ਕਮੀ ਹੋਣ ਨਾਲ ਬੈਂਕਾਂ ਦੀ ਲਾਗਤ ਘੱਟ ਹੁੰਦੀ ਹੈ ਅਤੇ ਇਸ ਦਾ ਫਾਇਦਾ ਉਹ ਗਾਹਕਾਂ ਨੂੰ ਦਿੰਦੇ ਹਨ। ਰਿਜ਼ਰਵ ਬੈਂਕ ਨੇ ਇਸ ਤੋਂ ਪਹਿਲਾਂ ਫਰਵਰੀ,ਅਪ੍ਰੈਲ ਅਤੇ ਜੂਨ ‘ਚ ਤਿੰਨੋਂ ਵਾਰ 0.25 ਫੀਸਦੀ ਦੀ ਕਮੀ ਸੀ, ਯਾਨੀ ਰੇਪੋ ਰੇਟ ‘ਚ ਕੁਲ 0.75 ਫੀਸਦੀ ਦੀ ਕਮੀ ਹੋਈ ਸੀ ।ਉੱਥੇ ਹੀ, ਰਿਜ਼ਰਵ ਬੈਂਕ ਨੇ 2019-20 ਲਈ ਜੀ. ਡੀ. ਪੀ. ਰਫਤਾਰ ਦਾ ਅੰਦਾਜ਼ਾ 7 ਤੋਂ ਘਟਾ ਕੇ 6.9 ਫੀਸਦੀ ਕਰ ਦਿੱਤਾ ਹੈ।