ਇਸ ਵੇਲੇ ਇੱਕ ਵੱਡੀ ਖ਼ਬਰ ਉਹਨਾਂ ਲੋਕਾਂ ਨਾਲ ਜੁੜੀ ਸਾਹਮਣੇ ਆ ਰਹੀ ਹੈ ਜੋ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਪਾਕਿਸਤਾਨ ਜਾਣ ਦੇ ਇੱਛੁਕ ਹਨ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਹੁਣ ਉਸ ਸੰਗਤ ਨੂੰ ਵੱਡਾ ਝਟਕਾ ਲੱਗੇਗਾ ਕਿ ਪਾਕਿ ਵਿੱਚ ਬਣੇ ਗੁਰੂਧਾਮਾਂ ਦੇ ਦੀਦਾਰ ਕਰਨ ਜਾਣ ਵਾਸਤੇ ਤਿਆਰ ਹਨ। ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਲਾਂਘੇ ਦੇ ਸ਼ੁਰੂ ਹੋਣ ਮਗਰੋਂ ਦਰਸ਼ਨ ਲਈ ਜਾਣ ਵਾਲੇ ਹਰ ਯਾਤਰੂ ਕੋਲੋਂ ਪਾਕਿਸਤਾਨ ਵੱਲੋਂ 20 ਅਮਰੀਕੀਡਾਲਰ ਸਰਵਿਸ ਫੀਸ ਵਜੋਂ ਵਸੂਲੇ ਜਾਣ ਦੀ ਪ੍ਰਸਤਾਵਿਤ ਯੋਜਨਾ ਦਾ ਸਿੱਖ ਸ਼ਖ਼ਸੀਅਤਾਂ ਨੇ ਵੀ ਵਿਰੋਧ ਕੀਤਾ ਹੈ। ਇਸ ਤੋਂ ਪਹਿਲਾਂ ਲਾਂਘੇ ਸਬੰਧੀ ਹੋਈ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਮੀਟਿੰਗ ਵਿਚ ਕੇਂਦਰੀ ਤੇ ਪੰਜਾਬ ਦੇ ਅਧਿਕਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਚੁੱਕਾ ਹੈ। ਫ਼ਿਲਹਾਲ ਪਾਕਿਸਤਾਨ ਇਹ ਯਾਤਰੂ ਜਾਂ ਸਰਵਿਸ ਫੀਸ ਲਾਉਣ ਲਈ ਬਜ਼ਿੱਦ ਹੈ।

ਅੱਜ ਇਸ ਸਬੰਧ ਵਿਚ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਲਈ ਜਾਣ ਵਾਸਤੇ ਕੋਈ ਫੀਸ ਨਹੀਂ ਹੋਣੀ ਚਾਹੀਦੀ। ਉਨ੍ਹਾਂ ਆਖਿਆ ਕਿ ਗੁਰੂ ਘਰ ਹਰ ਧਰਮ ਅਤੇ ਹਰ ਵਰਗ ਦੇ ਲੋਕਾਂ ਲਈ ਖੁੱਲ੍ਹੇ ਹਨ ਅਤੇ ਗੁਰਦੁਆਰੇ ਜਾਣ ਵਾਸਤੇ ਕਿਸੇ ਨੂੰ ਕੋਈ ਫੀਸ ਨਹੀਂ ਦੇਣੀ ਪੈਂਦੀ। ਉਨ੍ਹਾਂ ਆਖਿਆ ਕਿ ਸੰਵਿਧਾਨ ਦੀ ਧਾਰਾ-25 ਨੂੰ ਵੀ ਖ਼ਤਮ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਸਿੱਖ ਧਰਮ ਨੂੰ ਵੱਖਰੀ ਕੌਮ ਦੀ ਪਛਾਣ ਮਿਲੇਗੀ। ਉਨ੍ਹਾਂ ਆਖਿਆ ਕਿ ਸਿੱਖ ਇਕ ਵੱਖਰਾ ਧਰਮ ਤੇ ਵੱਖਰੀ ਕੌਮ ਹੈ ਤੇ ਇਸ ਦੀ ਪਛਾਣ ਵੀ ਵੱਖਰੀ ਹੈ। ਖਾਲਸਾਈ ਖੇਡ ਗਤਕਾ ਵਿਚ ਹੁਣ ਸਟੰਟ ਦੀ ਵਰਤੋਂ ਕੀਤੇ ਜਾਣ ’ਤੇ ਇਤਰਾਜ਼ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਖ਼ਾਲਸਾਈ ਖੇਡ ਦੀ ਪੁਰਾਤਨਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ।

ਇਸ ਦੌਰਾਨ ਸਾਬਕਾ ਪ੍ਰਧਾਨ ਜਗੀਰ ਕੌਰ ਨੇ ਕਰਤਾਰਪੁਰ ਲਾਂਘੇ ਦੌਰਾਨ ਯਾਤਰੂ ਫੀਸ ਲਾਏ ਜਾਣ ਦਾ ਵਿਰੋਧ ਕਰਦਿਆਂ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਥਾਂ ’ਤੇ ਆਵਾਜਾਈ ਸਾਧਨਾਂ ਦੀ ਵਰਤੋਂ ਵਜੋਂ ਫੀਸ ਲਈ ਜਾ ਸਕਦੀ ਹੈ। ਇਸ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਪਾਕਿਸਤਾਨ ਦੀ ਇਸ ਪ੍ਰਸਤਾਵਿਤ ਯੋਜਨਾ ਦਾ ਵਿਰੋਧ ਕਰ ਚੁੱਕੇ ਹਨ। ਇੱਥੇ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਦੀਅਟਾਰੀ ਵਿਚ ਹੋਈ ਸਾਂਝੀ ਮੀਟਿੰਗ ’ਚ ਭਾਰਤੀ ਅਧਿਕਾਰੀਆਂ ਨੇ ਵੀ ਇਹ ਪੱਖ ਪਾਕਿਸਤਾਨੀ ਅਧਿਕਾਰੀਆਂ ਅੱਗੇ ਰੱਖਿਆ ਸੀ ਕਿ ਗੁਰਦੁਆਰੇ ਮੱਥਾ ਟੇਕਣ ਦੀ ਕੋਈ ਫੀਸ ਨਹੀਂ ਹੁੰਦੀ, ਇਹ ਸਿੱਖ ਸਿਧਾਂਤਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਇਹ ਯਾਤਰਾ ਮੁਫ਼ਤ ਕਰਾਉਣ ਵਾਸਤੇ ਆਖਿਆ ਹੈ ਪਰ ਪਾਕਿਸਤਾਨ ਦੇ ਬਜ਼ਿੱਦ ਰਹਿਣ ਕਾਰਨ ਇਸ ਸਬੰਧੀ ਸਮਝੌਤੇ ਨੂੰ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਿਆ।