ਗੁਰੂਦਵਾਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਗਈ ਹੈ ਤੇ ਵੱਖ ਵੱਖ ਜਥਿਆਂ ਨੇ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਹੈ ਅੱਜ ਅਸੀ ਅਨੋਖੀ ਸੇਵਾ ਦੀ ਗੱਲ ਕਰਨ ਲੱਗੇ ਹਾਂ ਜੋ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੰਘਾਂ ਵੱਲੋਂ ਨਿਭਾਈ ਜਾ ਰਹੀ ਹੈ।ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਗਈ ਹੈ। ਸਮੁੰਦਰੀ ਤਲ ਤੋਂ 15200 ਫੁੱਟ ਦੀ ਉਚਾਈ ਤੇ ਪਹਾੜੀ ਰਸਤਾ ਹੋਣ ਕਰਕੇ ਥਕਾਵਟ ਹੋਣਾ ਵੀ ਸੁਭਾਵਕ ਹੈ। 19 ਕਿਲੋਮੀਟਰ ਦਾ ਪੈਦਲ ਸਫਰ ਗਲ਼ੇਸ਼ੀਅਰ ਨਾ ਪਿਘਲੇ ਹੋਣ ਕਰਕੇ ਇਹ ਪਹਾੜੀ ਰਸਤਾ ਸੰਗਤ ਲਈ ਹੋਰ ਵੀ ਥਕਾਵਟ ਭਰਿਆ ਬਣ ਗਿਆ ਹੈ।

ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਗਤ ਦੀ ਥਕਾਵਟ ਨੂੰ ਕੁਝ ਘਟਾਉਣ ਲਈ ਇਸ ਵਾਰ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਹਾਲਾਂਕਿ, ਫ਼ੌਜ ਵੱਲੋਂ ਬਰਫ਼ ਨੂੰ ਕੱਟ ਕੇ ਬੇਸ਼ੱਕ ਰਸਤਾ ਬਣਾ ਦਿੱਤਾ ਗਿਆ ਹੈ, ਪਰ ਤਿਲ੍ਹਕਣਾ ਰਾਹ ਹੋਣ ਕਰਕੇ ਬਹੁਤੇ ਸ਼ਰਧਾਲੂ ਦੇ ਸੱਟਾਂ ਵੀ ਲੱਗੀਆਂ ਹਨ। ਇਸ ਵਾਰ ਰਸਤਾ ਇੰਨਾ ਤੰਗ ਹੈ ਕਿ ਬਰਫ਼ੀਲੇ ਰਾਹ ਦੇ ਵਿੱਚੋਂ ਕੇਵਲ ਇੱਕ ਹੀ ਵਿਅਕਤੀ ਲੰਘ ਸਕਦਾ ਹੈ ਤੇ ਇੱਕ-ਦੂਜੇ ਤੋਂ ਅੱਗੇ ਲੰਘਣਾ ਸੱਟ ਲੱਗਣ ਦਾ ਕਾਰਨ ਵੀ ਬਣ ਸਕਦਾ ਹੈ। ਇਸ ਲਈ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਸੰਗਤ ਦੀ ਸਹੂਲਤ ਲਈ ਗੋਬਿੰਦ ਧਾਮ ਵਿਖੇ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜਿੱਥੇ ਪਹੁੰਚੀ ਸੰਗਤ ਦੀ ਮਾਲਿਸ਼ ਕਰਨ ਲਈ ਵਿਸ਼ੇਸ਼ ਟੀਮ ਤਿਆਰ ਕੀਤੀ ਗਈ ਹੈ।

ਦਿੱਲੀ ਤੋਂ ਪਹੁੰਚੀ ਇਸ ਟੀਮ ਦੇ ਮੈਂਬਰਾਂ ਵੱਲੋਂ ਸੰਗਤ ਦੀ ਪਹੁੰਚਣ ਸਾਰ ਫਿਜ਼ੀਓਥਰੈਪੀ ਤੇ ਮਾਲਿਸ਼ ਕੀਤੀ ਜਾਂਦੀ ਹੈ ਤਾਂ ਕਿ ਅਗਲੇ ਸਫਰ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਨਾ ਹੋਵੇ। ਭੂਗੋਲਿਕ ਸਥਿਤੀਆਂ ਕਾਰਨ ਸਾਧਨਾਂ ਦੀ ਅਤਿ ਦੀ ਕਮੀ ਹੋਣ ਦੇ ਬਾਵਜੂਦ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੁਨੀਆ ਦੇ ਇਸ ਸਭ ਤੋਂ ਉੱਚੇ ਸਥਾਨ ‘ਤੇ ਸੁਸ਼ੋਭਿਤ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਬਾਬੇ ਨਾਨਕ ਦੀ ਚਲਾਈ ਮਰਿਆਦਾ ਅਨੁਸਾਰ ਸੰਗਤ ਲਈ ਇੱਥੇ ਖਿਚੜੀ, ਸੇਵੀਆਂ, ਛੋਲੇ ਤੇ ਚਾਹ ਦੇ ਲੰਗਰ ਨਿਰੰਤਰ ਜਾਰੀ ਹਨ।