ਨਵੀਂ ਦਿੱਲੀ: ਅੱਤ ਦੀ ਗਰਮੀ ਨਾਲ ਜੂਝ ਰਹੇ ਪੂਰੇ ਉੱਤਰ ਭਾਰਤ ਨੂੰ ਸਾਹ ਲੈਣਾ ਵੀ ਔਖਾ ਹੋ ਸਕਦਾ ਹੈ।ਪਾਕਿਸਤਾਨ ਤੇ ਅਫ਼ਗਾਨਿਸਤਾਨ ਤੋਂ ਉੱਠ ਰਿਹਾ ਧੂੜ ਭਰਿਆ ਤੂਫ਼ਾਨ ਬੁੱਧਵਾਰ ਨੂੰ ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਨੂੰ ਬੇਹਾਲ ਕਰ ਸਕਦਾ ਹੈ।ਇਸ ਦਾ ਅਸਰ ਆਉਂਦੇ ਦੋ ਤਿੰਨ ਦਿਨਾਂ ਤਕ ਰਹਿ ਸਕਦਾ ਹੈ।

ਕੇਂਦਰ ਸਰਕਾਰ ਦੀ ਸੰਸਥਾ ਸਫ਼ਰ ਇੰਡੀਆ ਨੇ ਮੰਗਲਵਾਰ ਦੇਰ ਸ਼ਾਮ ਇਸ ਬਾਰੇ ਐਲਰਟ ਵੀ ਜਾਰੀ ਕਰ ਦਿੱਤਾ ਹੈ।ਸਫ਼ਰ ਇੰਡੀਆ ਦੇ ਪ੍ਰਾਜੈਕਟ ਨਿਰਦੇਸ਼ਕ ਡਾ. ਗੁਫਰਾਨ ਬੇਗ ਮੁਤਾਬਕ ਮੰਗਲਵਾਰ ਨੂੰ ਪਾਕਿਸਤਾਨ ਦੇ ਕਰਾਚੀ ਅਤੇ ਅਫ਼ਗਾਨਿਸਤਾਨ ਦੇ ਸਿਸਤਾਨ ਬੇਸਿਨ ਸ਼ਹਿਰ ਵਿੱਚ ਧੂੜ ਦਾ ਇੱਕ ਵੱਡਾ ਤੂਫ਼ਾਨ ਉੱਠ ਰਿਹਾ ਹੈ।

ਇਹ ਤੂਫ਼ਾਨ ਰਾਜਸਥਾਨ ਦੇ ਥਾਰ ਮਾਰੂਥਲ ਦੀ ਧੂੜ ਹੋਰ ਵੀ ਗੰਭੀਰ ਬਣਾ ਸਕਦੀ ਹੈ।ਐਲਰਟ ਮੁਤਾਬਕ ਇਸ ਦੌਰਾਨ ਪੀਐਮ 2.5 ਤੇ ਪੀਐਮ 10 ਦੋਵਾਂ ਕਣਾਂ ਵਿੱਚ ਖਾਸਾ ਵਾਧਾ ਹੋਵੇਗਾ। ਤੂਫ਼ਾਨ ਕਾਰਨ ਹਵਾ ਦੀ ਗੁਣਵੱਤਾ ਦਾ ਪੱਧਰ ਬੇਹੱਦ ਖਰਾਬ ਪਹੁੰਚਣ ਵਾਲਾ ਹੈ। ਸਾਹ ਦੇ ਰੋਗੀਆਂ ਨੂੰ ਮਾਸਕ ਪਹਿਨ ਕੇ ਰੱਖਣਾ ਪੈ ਸਕਦਾ ਹੈ।