ਦੋ ਸਾਲਾ ਫ਼ਤਹਿਵੀਰ ਨੂੰ 5ਵੇਂ ਦਿਨ ਵੀ 125 ਫੁੱਟ ਡੂੰਘੇ ਬੋਰ ਵਿੱਚੋਂ ਕੱਢਣ ਵਿਚ NDRF ਟੀਮ ਅਸਫਲ ਰਹੀ ਹੈ। ਲੋਕਾਂ ਵਿਚ ਵਧ ਰਹੇ ਗੁੱਸੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੀ ਅੱਜ 5ਵੇਂ ਦਿਨ ਕਾਫੀ ਸਰਗਰਮ ਨਜ਼ਰ ਆ ਰਹੀ ਹੈ। ਸਰਕਾਰ ਵੱਲੋਂ ਮੌਕੇ ਉਤੇ ਏਅਰ ਐਂਬੂਲੈਂਸ ਭੇਜੀ ਗਈ ਹੈ। ਇਹ ਐਂਬੂਲੈਂਸ ਨੂੰ ਘਟਨਾ ਵਾਲੇ ਸਥਾਨ ਤੋਂ ਕੁਝ ਹੀ ਦੂਰੀ ਉਤੇ ਖੜ੍ਹਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਬੱਚੇ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਲਈ ਅਸਫਲ ਰਹੀ NDRF ਟੀਮ ਨੇ ਆਪਣੇ ਹੱਥ ਖੜ੍ਹੇ ਕਰ ਲਏ ਹਨ। ਇਸ ਲਈ ਹੁਣ ਫੌਜ ਨੂੰ ਬੁਲਾਇਆ ਗਿਆ ਹੈ ਤੇ ਫੌਜ ਨੇ ਮੋਰਚਾ ਸਾਂਭ ਲਿਆ ਹੈ। ਉੱਧਰ ਕੈਪਟਨ ਅਮਰਿੰਦਰ ਸਿੰਘ ਨੇ 5 ਦਿਨਾਂ ਬਾਅਦ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਹਨ।ਸਰਕਾਰ ਦੀ ਇਸ ਨਾਲਾਇਕੀ ਉਤੇ ਵੱਡੇ ਸਵਾਲ ਉੱਠ ਰਹੇ ਹਨ। ਵਿਰੋਧੀ ਧਿਰਾਂ ਨੇ ਕੈਪਟਨ ਸਰਕਾਰ ਨੂੰ ਘੇਰਾ ਪਿਆ ਲਿਆ ਹੈ। ਚਾਰ ਦਿਨਾਂ ਤੱਕ ਬੱਚੇ ਨੂੰ ਕੱਢੇ ਨਾ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੈਪਟਨ ਸਰਕਾਰ ‘ਤੇ ਨਿਸ਼ਾਨਾ ਕੱਸਿਆ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਫਤਹਿਵੀਰ ਨੂੰ ਬਚਾਉਣ ਲਈ ਰਾਜ ਸਰਕਾਰ ਵੱਲੋਂ ਆਰੰਭੇ ਸੁਸਤ ਤੇ ਗੈਰ-ਪੇਸ਼ਾਵਰ ‘ਬਚਾਓ ਆਪ੍ਰੇਸ਼ਨ’ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਬੱਚੇ ਤੇ ਪੀੜਤ ਪਰਿਵਾਰ ਦੀ ਮਦਦ ਲਈ ਮਾਹਿਰਾਂ ਨੂੰ ਸੱਦਿਆ ਹੁੰਦਾ ਤਾਂ ਇਸ ਬਚਾਅ ਕਾਰਜ ਦੇ ਨਤੀਜੇ ਬਿਲਕੁੱਲ ਹੋਰ ਹੋਣੇ ਸਨ।