ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਲੁਧਿਆਣੇ ਤੋਂ ਆ ਰਹੀ ਹੈ। ਜਿਸ ਨਾਲ ਸਾਰੇ ਪੰਜਾਬ ਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਲੁਧਿਆਣਾ : ਅੱਜ ਲੁਧਿਆਣਾ ਦੇ ਪੁਰਾਣੇ ਇਲਾਕੇ ’ਚ ਸਥਿਤ ਗੋਕੁਲ ਰੋਡ ਨੇੜੇ ਇੱਕ ਤੇਜ਼ ਰਫ਼ਤਾਰ ਮਹਿੰਦਰਾ ਪਿੱਕਅਪ ਗੱਡੀ ਨੇ 6 ਸਾਲਾ ਬੱਚੇ ਨੂੰ ਕੁਚਲ ਦਿੱਤਾ ਹੈ। ਇਸ ਦੌਰਾਨ ਬੱਚਾ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ‘ਚ ਲਿਆਇਆ ਗਿਆ। ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਕਰਾਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ 6 ਸਾਲਾ ਮਾਸੂਮ ਬੱਚਾ ਹਰਸ਼ਿਤ ਸਥਾਨਕ ਗੋਕਲ ਰੋਡ ‘ਤੇ ਅੱਜ ਸਵੇਰੇ ਸਕੂਲ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਮਾਸੂਮ ਬੱਚੇ ਦੀ ਆਂਟੀ ਉਸ ਨੂੰ ਰੋਜ਼ ਵਾਂਗ ਇੱਥੇ ਲੈ ਕੇ ਆਈ ਸੀ, ਜਿੱਥੋਂ ਸਕੂਲ ਦੀ ਵੈਨ ਨੇ ਉਸ ਨੂੰ ਸਕੂਲ ਲੈ ਜਾਣਾ ਸੀ। ਇਸ ਦੌਰਾਨ ਗਲ਼ੀ ਦੇ ਮੋੜ ‘ਤੇ ਤੇਜ਼ ਰਫ਼ਤਾਰ ਪਿਕਅਪ ਦੇ ਅਗਲੇ ਟਾਇਰ ਹੇਠਾਂ ਆ ਗਿਆ।
ਇਸ ਘਟਨਾ ਵਿੱਚ ਹਰਸ਼ਿਤ ਦੀ ਆਂਟੀ ਵੀ ਜ਼ਖ਼ਮੀ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਸ਼ਿਤ ਡੀਏਵੀ ਪਬਲਿਕ ਸਕੂਲ ਪੱਖੋਵਾਲ ’ਚ ਪਹਿਲੀ ਜਮਾਤ ਵਿੱਚ ਪੜ੍ਹਦਾ ਸੀ। ਹਰਸ਼ਿਤ ਦੇ ਦਾਦਾ ਲੁਧਿਆਣਾ ਦੇ ਪ੍ਰਸਿੱਧ ਵਪਾਰੀ ਹਨ ਤੇ ਉਹ ਲੱਡੂ ਪਤੰਗਾਂ ਵਾਲਾ ਦੇ ਨਾਂਅ ਨਾਲ ਮਸ਼ਹੂਰ ਹਨ।ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਬਾਅਦ ਰੋਹ ’ਚ ਆਏ ਸਥਾਨਕ ਨਿਵਾਸੀਆਂ ਨੇ ਇਸ ਮਹਿੰਦਰਾ ਪਿੱਕਅਪ ਗੱਡੀ ਦੀ ਭੰਨਤੋੜ ਕੀਤੀ ਤੇ ਉਸ ਨੂੰ ਅੱਗ ਲਾਉਣ ਦਾ ਵੀ ਜਤਨ ਕੀਤਾ ਪਰ ਮੌਕੇ ’ਤੇ ਪੁੱਜੀ ਪੁਲਿਸ ਨੇ ਭੀੜ ਨੂੰ ਅਜਿਹਾ ਕਰਨ ਤੋਂ ਵਰਜ ਦਿੱਤਾ ਤੇ ਵਾਹਨ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮੁਲਜ਼ਮ ਪਿਕਅਪ ਚਾਲਕ ਗੱਡੀ ਛੱਡ ਕੇ ਫ਼ਰਾਰ ਹੋ ਗਿਆ ਹੈ।
