ਮਾਝੇ ਦੇ ਇੱਕ ਹੋਰ ਮੰਤਰੀ ਨੇ ਚੁੱਕੇ ਕੈਪਟਨ ਸਰਕਾਰ ‘ਤੇ ਸਵਾਲ, ਕੁਰਸੀ ਛੱਡਣ ਤੱਕ ਦੀ ਚੇਤਾਵਨੀ – ਇਹਨਾਂ ਦਿਨਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਆਪਸੀ ਵਿਰੋਧ ਜੋਰਾਂ ਤੇ ਚਲ ਰਿਹਾ ਹੈ ਪਟਿਆਲੇ ਦੇ 4 ਵਿਧਾਇਕਾਂ ਦੁਆਰਾ ਓਹਨਾ ਦਾ ਜਿਥੇ ਵਿਰੋਧ ਕੀਤਾ ਜਾ ਰਿਹਾ ਹੈ ਓਥੇ ਹੀ ਹੁਣ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਆਪਣੇ ਬਾਗੀ ਸੁਰ ਦਿਖਾਉਣੇ ਸ਼ੁਰੂ ਕਰ ਦਿਤੇ ਹਨ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਚੰਡੀਗੜ੍ਹ: ਮਾਝੇ ਦੇ ਇੱਕ ਹੋਰ ਸੀਨੀਅਰ ਮੰਤਰੀ ਨੇ ਵੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਉਨ੍ਹਾਂ ਦੀ ਕਾਂਗਰਸ ਸਰਕਾਰ ਵੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਅਸਫਲ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲੀ ਤਾਂ ਉਹ ਮੰਤਰੀ ਦੀ ਕੁਰਸੀ ਵੀ ਛੱਡ ਦੇਣਗੇ।
ਦਰਅਸਲ ਐਤਵਾਰ ਨੂੰ ਅਲਾਇੰਸ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਪਿੰਡ ਧਾਰੋਵਾਲੀ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਗਿਆ। ਰੰਧਾਵਾ ਨੇ ਧਰਨੇ ਨੂੰ ਬਿਲਕੁੱਲ ਜਾਇਜ਼ ਦੱਸਦਿਆਂ ਖੁਦ ਵੀ ਆਪਣੀ ਸਰਕਾਰ ਖਿਲਾਫ ਭੜਾਸ ਕੱਢੀ। ਉਹ ਧਰਨੇ ਵਿੱਚ ਆ ਬੈਠੇ ਤੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੀ ਬਾਦਲਾਂ ਦੇ ਰਾਹ ਚੱਲ ਪਈ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਸਾਹਬ ਤੁਸੀਂ ਤਾਂ ਨਹੀਂ ਮਿਲਦੇ, ਸਾਨੂੰ ਤਾਂ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਦਾ ਪਤਾ, ਪਛਾਣ ਹੋਈ ਪਰ ਸ਼ਰਮਨਾਕ ਹੈ ਕਿ ਫਿਰ ਵੀ ਦੋਸ਼ੀ ਨਹੀਂ ਫੜੇ ਜਾ ਰਹੇ। ਰੰਧਾਵਾ ਨੇ ਕੈਪਟਨ ਨੂੰ ਵੰਗਾਰਦਿਆਂ ਕਿਹਾ ਕਿ ਸਰਕਾਰ ਬਠਿੰਡਾ-ਤਲਵੰਡੀ ਸਾਬੋ ਚੁੱਕੀ ਸਹੁੰ ਯਾਦ ਕਰੇ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਵੀ ਆਪਣੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਚੁੱਕੇ ਹਨ। ਇਸ ਲਈ ਉਹ ਵਜ਼ਾਰਤ ਤੋਂ ਵੀ ਲਾਂਭੇ ਹੋ ਗਏ ਹਨ।
ਯਾਦ ਰਹੇ 2015 ਵਿੱਚ ਪੰਜਾਬ ’ਚ ਕਈ ਸਥਾਨਾਂ ’ਤੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਾਅਦ ’ਚ ਹੋਏ ਗੋਲੀਕਾਂਡ ਦੀਆਂ ਘਟਨਾਵਾਂ ਲਈ ਇਨਸਾਫ਼ ਨਾ ਮਿਲਣ ’ਤੇ ਅਲਾਇਸ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਾਏ ਜਾ ਰਹੇ ਹਨ। ਐਤਵਾਰ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਰੰਧਾਵਾ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਦਾ ਰੋਸ ਧਰਨਾ ਬਿਲਕੁਲ ਜਾਇਜ਼ ਹੈ, ਉਂਜ ਵੀ ਇਹ ਸ਼ਰਮਨਾਕ ਗੱਲ ਇਹ ਹੈ ਕਿ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ ’ਚ ਦੇਰੀ ਹੋ ਰਹੀ ਹੈ। ਉਨ੍ਹਾਂ ਨੇ ਜਜ਼ਬਾਤੀ ਹੁੰਦਿਆਂ ਕਿਹਾ ਕਿ ‘‘ਅਸਲ ਗੁਨਾਹਗਾਰਾਂ ਨੂੰ ਜੇ ਸਜ਼ਾਵਾਂ ਨਾ ਮਿਲੀਆਂ ਤਾਂ ਲੋਕਾਂ ਨੇ ਵਜ਼ੀਰੀਆਂ ’ਤੇ ਥੁੱਕਣਾ ਤੱਕ ਨਹੀਂ।’’
ਰੰਧਾਵਾ ਨੇ ਕਿਹਾ ਕਿ ਉਹ ਪਹਿਲਾਂ ਵੀ ਬੇਅਦਬੀ ਕਾਂਡ ਲਈ ਆਵਾਜ਼ ਬੁਲੰਦ ਕਰਦੇ ਰਹੇ ਹਨ, ਹੁਣ ਵੀ ਆਪਣੀ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਰੱਖਣਗੇ। ਉਨ੍ਹਾਂ ਕਿਹਾ ਕਿ ਜੇਕਰ ਸਹੁੰ ਖਾਧੀ ਨੂੰ ਪੂਰਿਆਂ ਨਹੀਂ ਕੀਤਾ ਤਾਂ ਉਸ ਦੀ ਵੀ ਸਜ਼ਾ ਜ਼ਰੂਰ ਮਿਲੇਗੀ। ਇਸ ਲਈ ਉਸ ਨੂੰ ਭਾਵੇਂ ਵਜ਼ੀਰੀ ਕਿਉਂ ਨਾ ਛੱਡਣੀ ਪਵੇ, ਪਰ ਉਹ ਬੇਅਦਬੀ ਕਾਂਡ ਦੇ ਗੁਨਾਹਗਾਰਾਂ ਨੂੰ ਸਜ਼ਾਵਾਂ ਦਿਵਾਉਣ ਲਈ ਯਤਨਸ਼ੀਲ ਰਹਿਣਗੇ।
