ਕੈਨੇਡਾ : ਫੁੱਟਬਾਲ ਦੇ ਪ੍ਰਸਿੱਧ ਪੰਜਾਬੀ ਖਿਡਾਰੀ ਦਾ ਹੋਇਆ ਦਿਹਾਂਤ — ਵੈਨਕੂਵਰ ਕੈਨੇਡਾ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਪ੍ਰਸਿੱਧ ਫੁੱਟਬਾਲ ਖਿਡਾਰੀ ਬਰੈਂਡਨ ਬਾਸੀ ਦਾ ਦਿਹਾਂਤ ਹੋ ਗਿਆ। ਬਰੈਂਡਨ ਬਾਸੀ ਪਿਛਲੇ ਹਫਤੇ ਸਰੀ ਵਿਖੇ ਸੜਕ ਹਾਦਸੇ ਦੌਰਾਨ ਜ਼ਖਮੀ ਹੋ ਗਿਆ ਸੀ ਤੇ ਪੰਜ ਦਿਨ ਬਾਅਦ ਜ਼ਖਮਾਂ ਦੀ ਤਾਬ ਨਾ ਝਲਦਿਆ ਹੋਇਆ ਦਮ ਤੋੜ ਦਿੱਤਾ।

ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਦਾ ਵਸਨੀਕ ਬਰੈਂਡਨ ਬਾਸੀ 18 ਮਈ ਨੂੰ ਆਪਣੇ ਸਾਥੀਆਂ ਨਾਲ ਜਾ ਰਿਹਾ ਸੀ ਜਦੋਂ ਇਨ੍ਹਾਂ ਦੀ ਐੱਸ. ਯੂ. ਵੀ. 78ਵੇਂ ਐਵੇਨਿਊ ਤੇ 122ਵੀਂ ਸਟ੍ਰੀਟ ਦੇ ਇੰਟਰਸੈਕਸ਼ਨ ‘ਤੇ ਬੇਕਾਬੂ ਹੋ ਕੇ ਇਕ ਖੰਡੇ ‘ਚ ਜਾ ਵੱਜੀ। ਹਾਦਸੇ ‘ਚ ਬਾਸੀ ਸਣੇ ਤਿੰਨ ਜਾਣਿਆ ਨੂੰ ਗੰਭੀਰ ਜ਼ਖਮੀ ਹਾਲਾਤ ‘ਚ ਹਸਪਤਾਲ ਪਹੁੰਚਾਇਆ ਗਿਆ।

ਸਾਈਮਨ ਫਰੇਜ਼ਰ ਯੂਨੀਵਰਸਿਟੀ ਨੇ 24 ਮਈ ਨੂੰ ਬਰੈਂਡਨ ਬਾਸੀ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। ਬਰੈਂਡਨ ਬਾਸੀ ਯੂਨੀਵਰਸਿਟੀ ‘ਚ ਪਹਿਲੇ ਸਾਲ ਦਾ ਵਿਦਿਆਰਥੀ ਤੇ ਪੁਰਸ਼ਾਂ ਦੀ ਫੁੱਟਬਾਲ ਟੀਮ ਦਾ ਅਹਿਮ ਮੈਂਬਰ ਸੀ। ਯੂਨੀਵਰਸਿਟੀ ਦੀ ਫੁੱਟਬਾਲ ਟੀਮ ਦੇ ਮੁੱਖ ਕੋਚ ਕਲਿੰਟ ਸ਼ਨਾਈਡਰ ਨੇ ਕਿਹਾ ਕਿ ਬਾਸੀ ਦੇ ਦਿਹਾਂਤ ਕਾਰਨ ਪੈਦਾ ਹੋਇਆ ਦਰਦ ਬਿਆਨ ਕਰਨਾ ਮੁਸ਼ਕਲ ਹੈ।