ਸ਼੍ਰੀ ਦਰਬਾਰ ਸਾਹਿਬ ਉਹ ਜਗ੍ਹਾ ਹੈ ਜਿੱਥੇ ਹਰ ਇੱਕ ਦਾ ਸਿਰ ਸਜਦਾ ਕਰਨ ਲਈ ਝੁਕਦਾ ਹੈ । ਹਰ ਰੋਜ਼ ਲੱਖਾਂ ਸ਼ਰਧਾਲੂ ਇੱਥੇ ਪਹੁੰਚਦੇ ਹਨ । ਇਹਨਾਂ ਸਰਧਾਲੂਆਂ ਵਿੱਚੋਂ ਇੱਕ ਸ਼ਰਧਾਲੂ ਸੁਨੀਲ ਸ਼ੈੱਟੀ ਵੀ ਹੈ ਜਿਹੜੇ ਹਰ ਸਾਲ ਆਪਣੇ ਜਨਮ ਦਿਨ ‘ਤੇ ਮੱਥਾ ਟੇਕਣ ਪਹੁੰਚਦੇ ਹਨ । ਉਹਨਾਂ ਮੁਤਾਬਿਕ ਜਦੋਂ ਵੀ ਉਹ ਇੱਥੇ ਮੱਥਾ ਟੇਕਣ ਲਈ ਪਹੁੰਚਦੇ ਹਨ ਤਾਂ ਉਹਨਾਂ ਦੀ ਰੂਹ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਤੇ ਦੁਨਿਆਵੀ ਉਲਝਣਾਂ ਵਿੱਚ ਉਲਝਿਆ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ । ਉਹਨਾਂ ਮੁਤਾਬਿਕ ਉਹ ਹੋਰ ਵੀ ਕਈ ਧਾਰਮਿਕ ਥਾਵਾਂ ਤੇ ਜਾਂਦੇ ਹਨ ਪਰ ਉੱਥੇ ਏਨਾਂ ਸਕੂਨ ਨਹੀਂ ਮਿਲਦਾ ਕਿਉਂਕਿ ਇੱਥੇ ਬਿਨ੍ਹਾਂ ਕਿਸੇ ਭੇਦ-ਭਾਵ ਦੇ ਹਰ ਕੋਈ ਮੱਥਾ ਟੇਕਦਾ ਹੈ ਤੇ ਲੰਗਰ ਵਿੱਚ ਕਤਾਰ ਵਿੱਚ ਬੈਠ ਕੇ ਲੱਗਰ ਛੱਕਦਾ ਹੈ ।
ਸੁਨੀਲ ਸ਼ੈੱਟੀ ਮੁਤਾਬਿਕ ਕੁਝ ਸਾਲ ਪਹਿਲਾਂ ਉਹ ਇੱਥੇ ਆਏ ਸਨ । ਪਰ ਹੁਣ ਉਹ ਹਰ ਸਾਲ ਇੱਥੇ ਮੱਥਾ ਟੇਕਦੇ ਹਨ ਤੇ ਦਰਬਾਰ ਸਾਹਿਬ ਵਿੱਚ ਕੀਰਤਨ ਸਰਵਣ ਕਰਦੇ ਹਨ । ਕੀਰਤਨ ਸੁਣਕੇ ਉਹਨਾਂ ਨੂੰ ਐਨਰਜੀ ਮਿਲਦੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆਂ ਤੇ ਜੇਕਰ ਕੋਈ ਸਵਰਗ ਹੈ ਉਹ ਹੈ ਸ਼੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ।ਦਰਬਾਰ ਸਾਹਿਬ ਹਰ ਸਾਲ ਕਰੋੜਾਂ ਸੰਗਤਾਂ ਦਰਸ਼ਨ ਦੀਦਾਰੇ ਕਰਨ ਲਈ ਆਉਂਦੀਆਂ ਹਨ ਜਿਨ੍ਹਾਂ ਚ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਵੱਡੀਆਂ ਹਸਤੀਆਂ ਵੀ ਆਉਦੀਆਂ ਹਨ। ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਚ ਹੈ।
ਸਿੱਖ ਧਰਮ ਵਿੱਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਰ, ਯਰੂਸਲਮ ਦਾ ਯਹੂਦੀ ਧਰਮ ਵਿੱਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿੱਚ ਹੈ, ਭਾਵ ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ।ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। ੧੫ ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ “ਅਮ੍ਰਿਤ ਸਰੋਵਰ” ਅਤੇ “ਸ਼੍ਰੀ ਅਮ੍ਰਿਤਸਰ” ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਨ 1604 ਵਿਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸਨ।