ਬਾਲੀਵੁੱਡ ਐਕਟਰ ਸੰਨੀ ਦਿਓਲ ਨੇ ਹਾਲ ਹੀ ‘ਚ ਭਾਜਪਾ ਜੋਆਇਨ ਕੀਤੀ ਹੈ ਉਹ ਗੁਰਦਸਪੂਰ ਤੋਂ ਚੋਣ ਲੜ ਰਹੇ ਹਨ। ਅਜਿਹੇ ‘ਚ ਚੋਣ ਪ੍ਰਚਾਰ ਲਈ ਸੰਨੀ ਨੇ ਕਮਰ ਕਸ ਲਈ ਹੈ ਤੇ ਉਹ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਸੰਨੀ ਇਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ ਤੇ ਕੱਲ ਆਪਣੀ ਨਾਮਜ਼ਦਗੀ ਭਰਨਗੇ। ਉਹ ਅੰਮ੍ਰਿਤਸਰ ਤੋਂ ਰੋਡ ਸ਼ੋਅ ਕਰਦੇ ਹੋਏ ਸੋਮਵਾਰ ਸਵੇਰੇ ਗੁਰਦਾਸਪੁਰ ਪਹੁੰਚਣਗੇ। ਨਾਮਜ਼ਦਗੀ ਤੋਂ ਬਾਅਦ ਉਹ ਇੱਕ ਚੋਣ–ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਨਾਲ ਪਿਤਾ ਧਰਮਿੰਦਰ ਤੇ ਭਰਾ ਬੌਬੀ ਦਿਓਲ ਵੀ ਹੋਣਗੇ।

ਤਿੰਨਾਂ ਨੂੰ ਦੇਖਣ ਲਈ ਅੱਜ ਤੋਂ ਹੀ ਲੋਕਾਂ ‘ਚ ਜਨੂੰਨ ਨਜ਼ਰ ਆ ਰਿਹਾ ਹੈ। ਗੁਰਦਾਸਪੁਰ ਲੋਕ ਸਭਾ ਹਲਕਾ ਵਿਖੇ ਚੋਣ ਅਖਾੜਾ ਤਿਆਰ ਹੋ ਚੁੱਕਾ ਹੈ। ਸ਼ੁੱਕਰਵਾਰ ਨੂੰ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਨਾਮਜ਼ਦਗੀ ਭਰੀ ਸੀ ਤੇ ਹੁਣ ਸੋਮਵਾਰ ਨੂੰ ਸੰਨੀ ਦਿਓਲ ਨਾਮਜ਼ਦਗੀ ਲਈ ਪਹੁੰਚ ਰਹੇ ਹਨ। ਇਸ ਦੌਰਾਨ ਅੰਮ੍ਰਿਤਸਰ ਤੋਂ ਲੈ ਕੇ ਗੁਰਦਾਸਪੁਰ ਤਕ ਰੋਡ ਸ਼ੋਅ ਕੀਤਾ ਜਾਵੇਗਾ ਉੱਥੇ ਤਿਬੜੀ ਰੋਡ ਗੁਰਦਾਸਪੁਰ ‘ਚ ਸਥਿਤ ਇਪਰੂਵਮੈਂਟ ਟ੍ਰੱਸਟ ਦੀ ਸਕੀਮ ਨੰਬਰ-7 ਵਿਖੇ ਰੈਲੀ ਵੀ ਕੀਤੀ ਜਾਵੇਗੀ। ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਰੈਲੀ ਦੀ ਖ਼ਾਸ ਗੱਲ ਇਹ ਹੈ ਕਿ ਸੰਨੀ ਨਾਲ ਸਦਾਬਹਾਰ ਅਦਾਕਾਰ ਧਰਮਿੰਦਰ ਤੇ ਬੌਬੀ ਦਿਓਲ ਹੋਣਗੇ। ਗੁਰਦਾਸਪੁਰ ਦੇ ਲੋਕਾਂ ‘ਚ ਤਿੰਨਾਂ ਦੀ ਇਕ ਝਲਕ ਵੇਖਣ ਲਈ ਕਾਫ਼ੀ ਜੋਸ਼ ਹੈ।