ਪਿਛਲੇ ਦਿਨੀਂ ਮੁਖ ਮੰਤਰੀ ਵੱਲੋਂ ਬਿਜਲੀ ਮਹਿੰਗੀ ਕਰਨ ਦੀਆਂ ਖ਼ਬਰਾਂ ਆ ਰਹੀਆਂ ਸਨ ਪਰ ਇਸ ਵਿਚਕਾਰ ਪੰਜਾਬ ਦੇ ਲੋਕਾਂ ਲਈ ਇੱਕ ਖੁਸ਼ਖਬਰੀ ਹੈ ,ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਇਕ ਮਹੀਨੇ ਲਈ 12 ਪੈਸੇ ਪ੍ਰਤੀ ਯੂਨਿਟ ਦੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਹੁਕਮਾਂ ਦੇ ਚਲਦੇ ਪਾਵਰਕੌਮ ਵੱਲੋਂ ਪਹਿਲੀ ਜੂਨ ਤੋਂ ਸਸਤੀ ਬਿਜਲੀ ਦਿੱਤੀ ਜਾਵੇਗੀ।ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪਾਵਰਕੌਮ ਨੂੰ ਨਿਰਦੇਸ਼ ਦਿੱਤੇ ਹਨ ਕਿ ਬਿਜਲੀ ਖਪਤਕਾਰਾਂ ਤੋਂ 12 ਪੈਸੇ ਪ੍ਰਤੀ ਯੂਨਿਟ ਦੇ ਰੂਪ ’ਚ ਵਸੂਲੇ ਜਾ ਰਹੇ ‘ਫਿਊਲ ਕਾਸਟ ਐਡਜਸਟਮੈਂਟ’ ਨੂੰ ਇਕ ਜੂਨ ਤੋਂ ਨਵਾਂ ਟੈਰਿਫ ਲਾਗੂ ਹੁੰਦੇ ਹੀ ਬੰਦ ਕਰ ਦਿੱਤਾ ਜਾਵੇ। ਫਿਲਹਾਲ ਖਪਤਕਾਰਾਂ ਨੂੰ ਇਹ ਰਾਹਤ ਸਿਰਫ ਇਕ ਮਹੀਨੇ ਲਈ ਹੀ ਨਸੀਬ ਹੋਵੇਗੀ।

ਅਜਿਹੇ ’ਚ 12 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਪਤਕਾਰਾਂ ਤੋਂ ਕੀਤੀ ਜਾ ਰਹੀ ਵਸੂਲੀ ਨੂੰ 1 ਜੂਨ ਤੋਂ ਬੰਦ ਕਰ ਦਿੱਤਾ ਜਾਵੇਗਾ। ਪਾਵਰਕੌਮ ਦੇ ਸੀ.ਐਮ.ਡੀ. ਇੰਜੀ. ਬਲਦੇਵ ਸਿੰਘ ਸਰਾਂ ਨੇ ਕਮਿਸ਼ਨ ਦੇ ਅਜਿਹੇ ਫੈਸਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਪਾਵਰਕੌਮ ਪਹਿਲੀ ਜੂਨ ਤੋਂ ਇੱਕ ਮਹੀਨੇ ਲਈ ਖਪਤਕਾਰਾਂ ਨੂੰ 12 ਪੈਸੇ ਪ੍ਰਤੀ ਯੂਨਿਟ ਤਹਿਤ ਰਾਹਤ ਦੇ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜੇਕਰ ਕੋਇਲੇ ਤੇ ਹੋਰ ਖਰਚੇ ’ਚ ਤਿਮਾਹੀ ਪੱਧਰ ’ਤੇ ਅੱਗੇ ਵੀ ਕਟੌਤੀ ਬਣੀ ਰਹੀ ਤਾਂ ਅਜਿਹੀ ਰਾਹਤ ਅਗਲੇ ਮਹੀਨੇ ਵੀ ਮੁਹੱਈਆ ਹੋ ਸਕਦੀ ਹੈ ਪਰ ਘਟੀ ਦਰ ਦਾ ਫੈਸਲਾ ਜੂਨ ਮਹੀਨੇ ਹੀ ਲਾਗੂ ਰਹੇਗਾ।

ਤਾਪਮਾਨ ਵਧਣ ਮਗਰੋਂ ਬਿਜਲੀ ਦੀ ਮੰਗ ਵਧੀ ਪੰਜਾਬ ਅੰਦਰ ਵਧ ਰਹੇ ਤਾਪਮਾਨ ਮਗਰੋਂ ਬਿਜਲੀ ਦੀ ਮੰਗ ਵੀ ਜ਼ਿਆਦਾ ਵਧ ਗਈ ਹੈ। ਪਿਛਲੇ ਹਫ਼ਤੇ ਨਾਲੋਂ ਬਿਜਲੀ ਦੀ ਮੰਗ ’ਚ 1600 ਮੈਗਾਵਾਟ ਦਾ ਵਾਧਾ ਹੋ ਚੁੱਕਾ ਹੈ। ਵੇਰਵਿਆਂ ਮੁਤਾਬਿਕ ਪਿਛਲੇ ਹਫ਼ਤੇ ਬਿਜਲੀ ਦੀ ਮੰਗ ਦਾ ਅੰਕੜਾ 7208 ਮੈਗਾਵਾਟ ਸੀ, ਜਿਹੜਾ ਹੁਣ ਵਧ ਕੇ 8802 ਮੈਗਾਵਾਟ ’ਤੇ ਅੱਪੜ ਗਿਆ ਹੈ।