ਵਿਦੇਸ਼ ਭੇਜਣ ਦੇ ਨਾਮ ਤੇ ਕਈ ਤਰ੍ਹਾਂ ਦੇ ਗੋਰਖ ਧੰਦੇ ਚੱਲ ਰਹੇ ਹਨ । ਤਾਜ਼ਾ ਮਾਮਲਾ ਦਿੱਲੀ ਏਅਰਪੋਰਟ ਤੇ ਸਾਹਮਣੇ ਆਇਆ ਜਦੋਂ ਕਿ ਕੁਝ ਨੌਜਵਾਨਾਂ ਨੂੰ ਏਅਰਪੋਰਟ ਤੇ ਪਹੁੰਚ ਕੇ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਜੋ ਵੀਜ਼ੇ ਉਨ੍ਹਾਂ ਦੇ ਹੱਥ ਵਿੱਚ ਹਨ ਅਤੇ ਜਿਸ ਕੰਪਨੀ ਵੱਲੋਂ ਉਹ ਵੀਜ਼ੇ ਦਿੱਤੇ ਗਏ ਹਨ ਸਭ ਕੁਝ ਨਕਲੀ ਹੈ । ਇਨ੍ਹਾਂ ਕੋਲ ਵਿਦੇਸ਼ ਜਾਣ ਲਈ ਜਹਾਜ਼ ਦੀਆਂ ਟਿਕਟਾਂ ਵੀ ਸਨ।ਜਾਣਕਾਰੀ ਮੁਤਾਬਿਕ ਨੌਜਵਾਨਾਂ ਨੇ ਖਰੜ ‘ਚ ਪੈਂਦੀ ਵਿੰਗਜ਼ ਐਜੂਕੇਸ਼ਨਲ ਅਬਰੋਡ ਨਾਮਕ ਇਮੀਗ੍ਰੇਸ਼ਨ ਕੰਪਨੀ ਕੋਲੋਂ ਵੀਜ਼ਾ ਲਈ ਅਰਜ਼ੀ ਲਗਵਾਈ ।ਇਸ ਕੰਪਨੀ ਨੇ ਅਖ਼ਬਾਰ ਵਿੱਚ ਵਿਦੇਸ਼ ਭੇਜਣ ਲਈ ਵਰਕ ਪਰਮਿਟ ਸਬੰਧੀ ਇਸ਼ਤਿਹਾਰ ਸਾਂਝਾ ਕੀਤਾ ਸੀ ਇਸ ਇਸ਼ਤਿਹਾਰ ਤੋਂ ਇਨ੍ਹਾਂ ਨੌਜਵਾਨਾਂ ਨੇ ਕੰਪਨੀ ਵਾਲਿਆਂ ਨੂੰ ਫੋਨ ਕੀਤਾ ਅਤੇ ਫਿਰ ਉਨ੍ਹਾਂ ਨੂੰ ਜਾ ਕੇ ਮਿਲੇ ।ਸਾਰੇ ਨੌਜਵਾਨਾਂ ਨੇ ਦੋ ਲੱਖ ਪ੍ਰਤੀ ਵਿਅਕਤੀ ਦੇ ਕਰੀਬ ਰੁਪਏ ਕੰਪਨੀ ਵਾਲਿਆਂ ਨੂੰ ਵੀਜ਼ਾ ਲਗਵਾਉਣ ਲਈ ਜਮ੍ਹਾਂ ਵੀ ਕਰਵਾਏ।ਕੁਝ ਦਿਨਾਂ ਬਾਅਦ ਕੰਪਨੀ ਵਾਲਿਆਂ ਨੇ ਨੌਜਵਾਨਾਂ ਨੂੰ ਦੋ ਸਾਲ ਦੇ ਵਰਕ ਪਰਮਿਟ ਵਾਲੇ ਕਾਗਜ਼ ਅਤੇ ਹਵਾਈ ਟਿਕਟਾਂ ਬੁੱਕ ਕਰਵਾ ਕੇ ਦਿੱਤੀਆਂ । ਵਿਦੇਸ਼ ਜਾ ਕੇ ਕਮਾਈ ਕਰਕੇ ਸੁਪਨੇ ਪੂਰੇ ਕਰਨ ਦੇ ਨਾਮ ਤੇ ਨੌਜਵਾਨ ਜਦੋਂ ਦਿੱਲੀ ਏਅਰਪੋਰਟ ਤੇ ਜਹਾਜ਼ ਉੱਪਰ ਚੜ੍ਹਨ ਲਈ ਗਏ ਤਾਂ ਉੱਥੇ ਪਤਾ ਲੱਗਾ ਕਿ ਉਨ੍ਹਾਂ ਕੋਲ ਜੋ ਵੀਜ਼ੇ ਹਨ ਉਹ ਸਾਰੇ ਨਕਲੀ ਹਨ ਤੇ ਦੂਸਰੇ ਕਾਗਜ਼ ਵੀ ਨਕਲੀ ਹਨ ।ਜਦੋਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਸਾਰੀ ਸੱਚਾਈ ਬਾਰੇ ਦੱਸਿਆ ਤਾਂ ਸਾਰੇ ਨੌਜਵਾਨ ਹੱਕੇ ਬੱਕੇ ਰਹਿ ਗਏ।
ਉਸ ਤੋਂ ਬਾਅਦ ਨੌਜਵਾਨਾਂ ਵੱਲੋਂ ਕੰਪਨੀ ਵਾਲਿਆਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰੰਤੂ ਕੰਪਨੀ ਵਾਲਿਆਂ ਦੇ ਸਾਰੇ ਫੋਨ ਨੰਬਰ ਉਸੇ ਸਮੇਂ ਤੋਂ ਬੰਦ ਆ ਰਹੇ ਹਨ ਅਤੇ ਕੰਪਨੀ ਦਫ਼ਤਰ ਨੂੰ ਵੀ ਜਿੰਦਰਾ ਲੱਗਾ ਹੋਇਆ ।ਪੁਲਿਸ ਜਾਂਚ ਪੜਤਾਲ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜੋ ਦਫ਼ਤਰ ਖਰੜ ਵਿਖੇ ਖੁੱਲ੍ਹਾ ਹੋਇਆ ਸੀ ਉਹ ਮੁੰਬਈ ਦੀ ਕਿਸੇ ਕੰਪਨੀ ਦੇ ਨਾਮ ਉੱਪਰ ਖੋਲ੍ਹਿਆ ਗਿਆ ਸੀ । ਉਸ ਕੰਪਨੀ ਦੀ ਮੁੰਬਈ ਤੋਂ ਇਲਾਵਾ ਹੋਰ ਕਿਧਰੇ ਕੋਈ ਬ੍ਰਾਂਚ ਨਹੀਂ ਹੈ । ਇਹ ਫਰਜ਼ੀ ਬਣੇ ਏਜੰਟ ਉਸ ਕੰਪਨੀ ਦਾ ਨਾਮ ਵਰਤ ਕੇ ਲੋਕਾਂ ਨੂੰ ਧੋਖੇ ਵਿੱਚ ਫਸਾ ਰਹੇ ਸਨ ।