Home / Informations / ਭਾਰਤ ਤੋਂ ਭੱਜੇ ਨਿਤਿਆਨੰਦ ਨੇ ਬਣਾਇਆ ਅਪਣਾ ਅਲੱਗ ਦੇਸ਼-ਨਾਂਅ ਰੱਖਿਆ ‘ਕੈਲਾਸਾ’

ਭਾਰਤ ਤੋਂ ਭੱਜੇ ਨਿਤਿਆਨੰਦ ਨੇ ਬਣਾਇਆ ਅਪਣਾ ਅਲੱਗ ਦੇਸ਼-ਨਾਂਅ ਰੱਖਿਆ ‘ਕੈਲਾਸਾ’

ਨਵੀਂ ਦਿੱਲੀ: ਰੰਗੀਨ ਮਿਜਾਜ਼ ਦੇ ਚਲਦਿਆਂ ਜ਼ਮਾਨੇ ਵਿਚ ਬਦਨਾਮ ਹੋ ਚੁੱਕੇ ਭਾਰਤ ਦੇ ‘ਬਾਬਾ’ ਨਿਤਿਆਨੰਦ ਗੁਜਰਾਤ ਪੁਲਿਸ ਦੇ ਹੱਥ ਨਹੀਂ ਲੱਗ ਰਹੇ ਹਨ ਅਤੇ ਦੇਸ਼ ਛੱਡ ਕੇ ਭੱਜ ਗਏ ਹਨ। ਬਲਾਤਕਾਰ ਦੇ ਅਰੋਪੀ ਨਿਤਿਆਨੰਦ ਨੇ ਅਪਣਾ ਅਲੱਗ ਦੇਸ਼ ਬਣਾ ਲਿਆ ਹੈ। ਨਿਤਿਆਨੰਦ ਨੇ ਦੱਖਣ ਅਮਰੀਕਾ ਦੇ ਇਕਵਾਡੋਰ ਤੋਂ ਇਕ ਪ੍ਰਾਈਵੇਟ ਟਾਪੂ ਖਰੀਦਣ ਤੋਂ ਬਾਅਦ ਉਸ ਦਾ ਨਾਂਆ ‘ਕੈਲਾਸਾ’ ਰੱਖਿਆ ਹੈ।

ਸਿਰਫ ਇਹੀ ਨਹੀਂ ਇਹ ਟਾਪੂ ਤ੍ਰਿਨੀਦਾਦ ਅਤੇ ਟੋਬੈਗੋ ਦੇ ਨੇੜੇ ਸਥਿਤ ਹੈ ਅਤੇ ਨਿਤਿਆਨੰਦ ਵੱਲੋਂ ਇਕ ਪ੍ਰਭੂਸੱਤਾ ਹਿੰਦੂ ਰਾਸ਼ਟਰ ਘੋਸ਼ਿਤ ਕੀਤਾ ਗਿਆ ਹੈ। ਨਿਤਿਆਨੰਦ ਦੇ ਇਸ ਨਵੇਂ ਦੇਸ਼ ਕੈਲਾਸਾ ਦਾ ਇਕ ਅਪਣਾ ਅਲੱਗ ਝੰਡਾ, ਪਾਸਪੋਰਟ ਅਤੇ ਚਿੰਨ੍ਹ ਵੀ ਹੋਵੇਗਾ। ਵੈੱਬਸਾਈਟ ‘ਤੇ ਨਿਤਿਆਨੰਦ ਨੇ ਅਪਣੇ ਦੇਸ਼ ਦੇ ਅਲੱਗ ਵਿਧਾਨ, ਅਲੱਗ ਸੰਵਿਧਾਨ ਅਤੇ ਸਰਕਾਰੀ ਢਾਂਚੇ ਦੀ ਜਾਣਕਾਰੀ ਦਿੱਤੀ ਹੈ।

ਸਾਈਟ ਨੇ ਕੈਲਾਸਾ, ‘ਮਹਾਨ ਹਿੰਦੂ ਰਾਸ਼ਟਰ’ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਦਾਨ ਦੀ ਮੰਗ ਕੀਤੀ ਹੈ। ਕੈਲਾਸਾ ਦੀ ਵੈੱਬਸਾਈਟ ਅਨੁਸਾਰ, ‘ਇਹ ਬਿਨਾਂ ਸੀਮਾਵਾਂ ਵਾਲਾ ਇਕ ਰਾਸ਼ਟਰ ਹੈ, ਜਿਸ ਨੂੰ ਦੁਨੀਆਂ ਭਰ ਦੇ ਅਜਿਹੇ ਹਿੰਦੂਆਂ ਨੇ ਬਣਾਇਆ ਹੈ, ਜਿਨ੍ਹਾਂ ਨੇ ਅਪਣੇ ਹੀ ਦੇਸ਼ਾਂ ਵਿਚ ਹਿੰਦੂ ਧਰਮ ਨੂੰ ਪ੍ਰਮਾਣਿਕ ​​ਤੌਰ ‘ਤੇ ਅਭਿਆਸ ਕਰਨ ਦਾ ਅਧਿਕਾਰ ਖੋ ਦਿੱਤਾ ਹੈ”।

ਮੀਡੀਆ ਰਿਪੋਰਟਾਂ ਮੁਤਾਬਕ ਨਿਤਿਆਨੰਦ ਨੇ ਅਮਰੀਕਾ ਦੀ ਪ੍ਰਸਿੱਧ ਕਾਨੂੰਨੀ ਸਲਾਹਕਾਰ ਕੰਪਨੀ ਦੀ ਮਦਦ ਨਾਲ ਸੰਯੁਕਤ ਰਾਸ਼ਟਰ ਵਿਚ ਇਕ ਪਟੀਸ਼ਨ ਦਰਜ ਕੀਤੀ ਹੈ। ਇਸ ਪਟੀਸ਼ਨ ਵਿਚ ਉਸ ਨੇ ਅਪਣੇ ਦੇਸ਼ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ‘ਕੈਲਾਸਾ’ ਦੇ ਦੋ ਪਾਸਪੋਰਟ ਹਨ, ਇਕ ਸੁਨਹਿਰੇ ਰੰਗ ਦਾ ਅਤੇ ਦੂਜਾ ਲਾਲ ਰੰਗ ਦਾ।

ਇਸ ਦੇ ਝੰਡੇ ਦਾ ਰੰਗ ਮਹਿਰੂਨ ਹੈ ਅਤੇ ਇਸ ‘ਤੇ ਦੋ ਚਿੰਨ੍ਹ ਹਨ- ਇਕ ਨਿਤਿਆਨੰਦ ਦਾ ਅਤੇ ਦੂਜਾ ਨੰਦੀ ਦਾ। ਨਿਤਿਆਨੰਦ ਨੇ ਅਪਣੇ ‘ਦੇਸ਼’ ਲਈ ਇਕ ਕੈਬਨਿਟ ਵੀ ਬਣਾਈ ਹੈ ਅਤੇ ਅਪਣੇ ਇਕ ਕਰੀਬੀ ਚੇਲੇ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਅਹਿਮਦਾਬਾਦ ਪੁਲਿਸ ਨੇ ਬਾਬਾ ਅਤੇ ਉਸ ਦੀਆਂ ਦੋ ਸੇਵਕਾਵਾਂ ਖ਼ਿਲਾਫ਼ ਅਗਵਾ ਕਰਨ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਸੇਵਕਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ‘ਬਾਬਾ’ ਫਿਲਹਾਲ ਫਰਾਰ ਹਨ।

error: Content is protected !!