ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਖਾਸ ਵਿਸ਼ੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਹਨ ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ। ਇਸਨੂੰ ਲੈ ਕੇ ਉਨ੍ਹਾਂ ਨੇ ਇੱਕ ਟਵੀਟ ਵੀ ਕੀਤਾ ਹੈ।

ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬ ਦੀ ਜਨਤਾ ਬਿਜਲੀ ਦੇ ਰੇਟ ਵਧਣ ਕਾਰਨ ਨਾਰਾਜ਼ ਹੈ, ਜਿਸ ਲਈ ਉਨ੍ਹਾਂ ਨੇ ਕੁੱਝ ਦੇਰ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕੀਤਾ ਗਿਆ ਸੀ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।ਇਸ ਲਈ ਹੁਣ ਉਨ੍ਹਾਂ ਨੇ ਕੈਪਟਨ ਕੋਲੋਂ ਮਿਲਣ ਲਈ ਸਮਾਂ ਮੰਗਿਆ ਹੈ ਅਤੇ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਨੂੰ ਜਲਦੀ ਮਿਲਣ ਦਾ ਸਮਾਂ ਦਿੱਤਾ ਜਾਵੇਗਾ।ਜਿਕਰਯੋਗ ਹੈ ਕਿ ਚੋਣਾਂ ਦਾ ਕੰਮ ਮੁਕੰਮਲ ਹੁੰਦੇ ਹੀ ਸੂਬਾ ਸਰਕਾਰ ਨੇ ਲੋਕਾਂ ਨੂੰ ਬਿਜਲੀ ਦਾ ਝਟਕਾ ਦੇ ਦਿੱਤਾ ਹੈ।

ਜਿਸ ਵਿੱਚ ਸੂਬਾ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਦਰਾਂ ਵਿੱਚ 2.14 ਫ਼ੀਸਦੀ ਵਾਧਾ ਕੀਤਾ ਹੈ।ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਇਹ ਵਧੀਆਂ ਹੋਈਆਂ ਦਰਾਂ ਪਹਿਲੀ ਜੂਨ ਤੋਂ ਲਾਗੂ ਕੀਤੀਆਂ ਜਾਣਗੀਆਂ।ਦਰਅਸਲ, ਬਿਜਲੀ ਦਰਾਂ ਵਿੱਚ ਇਹ ਵਾਧਾ ਪਹਿਲਾਂ 1 ਅਪ੍ਰੈਲ ਤੋਂ ਹੋਣਾ ਸੀ, ਪਰ ਚੋਣਾਂ ਕਾਰਨ ਸਰਕਾਰ ਵੱਲੋਂ ਇਸਨੂੰ ਰੋਕ ਦਿੱਤਾ ਗਿਆ ਸੀ। ਹੁਣ ਚੋਣਾਂ ਮੁਕੰਮਲ ਹੋ ਜਾਣ ਤੋਂ ਬਾਅਦ ਸਰਕਾਰ ਵਲੋਂ ਬਿਜਲੀ ਦਰਾਂ ਵਿੱਚ ਵਾਧੇ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।