ਅਗਾਂਹਵਧੂ ਕਿਸਾਨ ਰੁਪਿੰਦਰ ਸਿੰਘ ਪਿੰਡ ਚਾਹਲਾਂ ਨੇ ਵੱਡੇ ਪੱਧਰ ‘ਤੇ ਕਿਸਾਨਾਂ ਵਲੋਂ ਕੱਦੂ ਕਰਕੇ ਝੋਨਾ ਲਾਉਣ ਦੀ ਰਿਵਾਇਤੀ ਰੀਤ ਨੂੰ ਤੋੜਦੇ ਹੋਏ ਬਿਨਾਂ ਕੱਦੂ ਕੀਤੇ ਝੋਨਾ ਲਗਾ ਕੇ ਆਤਮਾ ਸਕੀਮ ਅਧੀਨ ਵੱਡੇ ਪੱਧਰ ‘ਤੇ ਪਾਣੀ ਦੀ ਬੱਚਤ ਕੀਤੀ ਤੇ ਬਾਕੀ ਕਿਸਾਨਾਂ ਮੁਕਾਬਲੇ ਪ੍ਰਤੀ ਏਕੜ ਵੱਧ ਝਾੜ ਵੀ ਲਿਆ।ਕਿਸਾਨ ਦੀ ਸਫ਼ਲਤਾ ਦੇਖਣ ਲਈ ਆਤਮਾ ਦੀ ਟੀਮ ਤੇ ਕਾਹਨ ਸਿੰਘ ਪੰਨੂੰ ਸਕੱਤਰ ਖੇਤੀਬਾੜੀ ਤੇ ਮਿਸ਼ਨ ਡਾਇਰੈਕਟਰ ਤੰਦਰੁਸਤ ਪੰਜਾਬ ਵਿਸ਼ੇਸ਼ ਤੌਰ ‘ਤੇ ਪਹੁੰਚੇ।

ਇਸ ਮੌਕੇ ਕਿਸਾਨ ਨੇ ਦੱਸਿਆ ਕਿ ਇਸ ਤਕਨੀਕ ਦੁਆਰਾ ਜਿੱਥੇ ਕੱਦੂ ਕਰਨ ਦਾ ਸਮਾਂ ਤੇ ਪਾਣੀ ਬਚਦਾ ਹੈ, ਉੱਥੇ ਨਾਲ ਹੀ ਇਸ ਤਕਨੀਕ ਦੁਆਰਾ ਲਾਈ ਝੋਨੇ ਦੀ ਫ਼ਸਲ 10 ਤੋਂ 15 ਦਿਨ ਪਹਿਲਾਂ ਪੱਕਦੀ ਹੈ।ਇਸ ਮੌਕੇ ਡਾ. ਦਲੇਰ ਸਿੰਘ ਜ਼ਿਲ੍ਹਾ ਖੇਤੀ ਸੂਚਨਾ ਅਫ਼ਸਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਹ ਤਕਨੀਕ ‘ਦਲੇਰਜ਼ ਰਿਜ ਫਿਊਰੋ ਟੈਕਨੀਕ’ ਇਜ਼ਾਦ ਕੀਤੀ ਸੀ। ਇਸ ਤਰ੍ਹਾਂ ਪਾਣੀ ਦੀ 40 ਫ਼ੀਸਦੀ ਤੋਂ ਵੱਧ ਬੱਚਤ ਕੀਤੀ ਜਾ ਸਕਦੀ ਹੈ। ਇਸ ਸਬੰਧੀ ਜਸਪ੍ਰੀਤ ਸਿੰਘ ਖੇੜਾ ਪ੍ਰਾਜੈਕਟ ਡਾਇਰੈਕਟਰ (ਆਤਮਾ) ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਪ੍ਰਦਰਸ਼ਨੀਆਂ ਬਲਾਕ ਸਮਰਾਲਾ ਵਿਖੇ ਪੀ.ਆਰ.-121 ਅਤੇ 126 ਦੀਆਂ ਲਗਾਈਆਂ ਗਈਆਂ ਹਨ।

ਇਸ ਤਕਨੀਕ ਅਨੁਸਾਰ ਵੱਟਾਂ ਦੇ ਵਿਚਲੇ ਹਿੱਸਿਆਂ ਵਿਚ ਹੀ ਪਾਣੀ ਲਗਾਇਆ ਜਾਂਦਾ ਹੈ। ਪਹਿਲੇ 15 ਦਿਨਾਂ ਦੌਰਾਨ ਸਿਰਫ਼ ਵੱਟਾਂ ਦੇ ਹੇਠਲੇ ਹਿੱਸਿਆਂ ਨੂੰ ਹੀ ਜ਼ਿਆਦਾ ਗਿੱਲਾ ਰੱਖਿਆ ਜਾਂਦਾ ਹੈ ਤੇ ਅਗਲੇ 15 ਦਿਨਾਂ ਦੌਰਾਨ ਚੌਥੇ ਤੋਂ ਪੰਜਵੇਂ ਦਿਨ ਤੇ ਇਸ ਉਪਰੰਤ ਬਾਰਿਸ਼ ਦੀ ਮਾਤਰਾ ਨੂੰ ਦੇਖਦੇ ਹੋਏ ਛੇ-ਸੱਤ ਦਿਨਾਂ ਬਾਅਦ ਪਾਣੀ ਲਾਇਆ ਜਾਂਦਾ ਹੈ।ਇਸ ਮੌਕੇ ਪੰਨੂੰ ਨੇ ਕਿਹਾ ਕਿ ਵੱਟਾਂ ‘ਤੇ ਝੋਨਾ ਲਾਉਣ ਦੀ ਇਹ ਵਿਧੀ ਸਫਲ ਹੈ ਤੇ ਇਸ ਤਰ੍ਹਾਂ ਰਵਾਇਤੀ ਤਰੀਕੇ ਨਾਲ ਕੱਦੂ ਕਰਨ ਦੀ ਵਿਧੀ ਰਾਹੀਂ ਲਗਾਏ ਝੋਨੇ ਉੱਪਰ ਪਾਣੀ ਦੀ ਕੱੁਲ 40-50 ਫ਼ੀਸਦੀ ਤੱਕ ਬੱਚਤ ਕੀਤੀ ਜਾ ਸਕਦੀ ਹੈ।ਉਨ੍ਹਾਂ ਪੀ. ਆਰ.126 ਦੀ ਕਟਾਈ ‘ਤੇ ਪ੍ਰਤੀ 25 ਸੁਕੇਅਰ ਮੀਟਰ 22.10 ਕਿੱਲੋ ਝਾੜ (ਪ੍ਰਤੀ ਏਕੜ 35.36 ਕੁਇੰਟਲ ਪ੍ਰਤੀ ਏਕੜ) ਮਿਲਣ ਦੀ ਵੀ ਪ੍ਰਸੰਸਾ ਕੀਤੀ। ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਵਲੋਂ ਵੀ ਵੱਖ-ਵੱਖ ਵਿਭਾਗਾਂ ਦੇ ਨੌਜਵਾਨ ਸਾਇੰਸਦਾਨਾਂ ਦੀ ਟੀਮ ਨਾਲ ਇਸ ਤਜ਼ਰਬੇ ਦਾ ਨਿਰੀਖਣ ਕੀਤਾ ਗਿਆ।