ਤਾਜਾ ਵੱਡੀ ਖਬਰ
ਕੋਵਿਡ-19 ਮਹਾਮਾਰੀ ਨੇ ਇਟਲੀ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ। ਇਸ ਲਈ ਹੁਣ ਇਟਲੀ ਸਰਕਾਰ ਆਪਣਾ ਹਰ ਕਦਮ ਫੂਕ ਫੂਕ ਕੇ ਰੱਖ ਰਹੀ ਹੈ। ਭਾਵੇਂਕਿ ਪਿਛਲੇ ਕੁਝ ਦਿਨਾਂ ਵਿੱਚ ਇਟਲੀ ਦੇਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਕਾਫ਼ੀ ਘਟੀ ਹੈ ਪਰ ਇਟਲੀ ਸਰਕਾਰ ਹਾਲੇ ਵੀ ਪੂਰੀ ਚੌਕਸੀ ਨਾਲ ਕੰਮ ਕਰ ਰਹੀ ਹੈ।ਇਟਲੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ 13 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ‘ਤੇ ਰੋਕ ਲਗਾਈ ਹੈ।
ਸਿਹਤ ਮੰਤਰੀ ਰਾਬੇਰਤੋ ਸਪੈਰਿੰਸਾ ਨੇ ਆਪਣੇ ਫੇਸਬੁੱਕ ਪੇਜ਼ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ, ਕਿਸੇ ਵੀ ਦੇਸ਼ ਦੇ ਨਾਗਰਿਕ, ਜੋ ਇਨ੍ਹਾਂ ਦੇਸ਼ਾਂ ਵਿੱਚ ਪਿਛਲੇ 14 ਦਿਨਾਂ ਦਰਮਿਆਨ ਲੰਘੇ ਹਨ ਜਾਂ ਰਹਿ ਚੁੱਕੇ ਹਨ, ਉਹ ਇਟਲੀ ਵਿੱਚ ਦਾਖ਼ਲ ਨਹੀਂ ਹੋ ਸਕਣਗੇ। ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਤੋਂ ਸਿੱਧੀਆ ਅਤੇ ਅਸਿੱਧੀਆ ਉਡਾਣਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ।
ਸਿਹਤ ਮੰਤਰੀ ਨੇ ਅਰਮੇਨੀਆ, ਬਹਿਰੀਨ, ਬੰਗਲਾਦੇਸ਼, ਬ੍ਰਾਜ਼ੀਲ, ਬੋਸਨੀਆ ਅਤੇ ਹਰਜੇਗੋਵੀਨਾ, ਚਿਲੀ, ਕੁਵੈਤ, ਮਾਲਡੋਵਾ, ਓਮਾਨ, ਪਨਾਮਾ, ਪੇਰੂ, ਉੱਤਰ ਮੈਸੇਡੋਨੀਆ, ਦੋਮੀਨੀਕਨ ਰਿਪਬਲਿਕ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਲਾਉਂਦੇ ਹੋਏ ਕਿਹਾ ਹੈ ਕਿ ਸਿਹਤ ਸੁਰੱਖਿਆ ਦੇ ਢੁੱਕਵੇਂ ਪੱਧਰ ਨੂੰ ਯਕੀਨੀ ਬਣਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆ ਵਿੱਚ ਮਹਾਮਾਰੀ ਆਪਣੇ ਉੱਚ ਪੱਧਰ ‘ਤੇ ਹੈ। ਅਸੀਂ ਇਨ੍ਹਾਂ ਮਹੀਨਿਆਂ ਵਿਚ ਇਟਾਲੀਅਨ ਲੋਕਾਂ ਦੀਆਂ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਸੇ ਕਰਕੇ ਅਸੀਂ ਬਹੁਤ ਸਾਵਧਾਨੀ ਦੀ ਚੋਣ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਵਿੱਚੋਂ ਇਟਲੀ ਵਾਸੀ ਵਾਪਸ ਪਰਤ ਸਕਣਗੇ ਪਰ ਦੋ ਹਫ਼ਤਿਆਂ ਲਈ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰਹਿਣਾ ਪਏਗਾ।
