ਪਿੰਡ ਅਰਨੇਟੂ ਦੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦੇ ਗ੍ਰੰਥੀ ਸਿੰਘ ਦਾ ਗੁਰਦੁਆਰਾ ਕਮੇਟੀ ਨਾਲ ਮਤਭੇਦ ਹੋਣ ਕਾਰਨ ਉਸ ਦੇ ਡਿਊਟੀ ਛੱਡ ਕੇ ਚਲੇ ਜਾਣ ਮਗਰੋਂ ਪਿੰਡ ਦੇ ਜ਼ਿਮੀਂਦਾਰਾਂ ਅਤੇ ਬਾਜ਼ੀਗਰ ਬਰਾਦਰੀ ਦੇ ਲੋਕਾਂ ਵਿੱਚਕਾਰ ਤਕਰਾਰ ਹੋ ਗਿਆ। ਜਦੋਂ ਦੋਵੇਂ ਧਿਰਾਂ ਆਪਸ ਵਿਚ ਉਲਝ ਰਹੀਆਂ ਸਨ ਤਾਂ ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਵਿਚੋਂ ਕਿਸੇ ਨੇ ਹਵਾਈ ਫਾਇਰ ਕਰ ਦਿੱਤੇ ਜਿਸ ਕਾਰਨ ਸਥਿਤੀ ਹੋਰ ਤਣਾਅਪੂਰਨ ਹੋ ਗਈ। ਜਾਣਕਾਰੀ ਅਨੁਸਾਰ ਘਟਨਾ ਦੀ ਖ਼ਬਰ ਮਿਲਣ ’ਤੇ ਥਾਣਾ ਘੱਗਾ ਦੇ ਇੰਚਾਰਜ ਗੁਰਮੀਤ ਸਿੰਘ ਦੀ ਅਗਵਾਈ ਵਿਚ ਪੁਲੀਸ ਚੌਕੀ ਬਾਦਸ਼ਾਹਪੁਰ ਦੀ ਪੁਲੀਸ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਡੀਐਸਪੀ ਪਾਤੜਾਂ ਸੁੱਖਅੰਮ੍ਰਿਤ ਸਿੰਘ ਨੇ ਮਾਮਲੇ ਦੀ ਪੜਤਾਲ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।

ਕਮੇਟੀ ਮੈਂਬਰ ਅਤੇ ਗਰਾਮ ਪੰਚਾਇਤ ਅਰਨੇਟੂ ਖੁਰਦ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਗੁਰੂਘਰ ਦੇ ਗ੍ਰੰਥੀ ਜਸਵੰਤ ਸਿੰਘ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੁਰੂਘਰ ਵਿੱਚ ਗੋਲਕ ਰੱਖਣ ਤੋਂ ਤਕਰਾਰ ਹੋ ਗਿਆ ਜਿਸ ਦੇ ਚਲਦਿਆਂ ਉਹ ਕੁਝ ਦਿਨ ਪਹਿਲਾਂ ਪਬੰਧਕ ਕਮੇਟੀ ਨੂੰ ਸੂਚਨਾ ਦੇ ਕੇ ਡਿਊਟੀ ਛੱਡ ਗਿਆ ਸੀ। ਪਿੰਡ ਵਾਸੀਆਂ ਦਾ ਇਕ ਧੜਾ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਉੱਪਰ ਦੋਸ਼ ਲਾ ਰਿਹਾ ਸੀ ਕਿ ਗ੍ਰੰਥੀ ਨੂੰ ਕਮੇਟੀ ਨੇ ਧੱਕੇ ਨਾਲ ਜ਼ਲੀਲ ਕਰਕੇ ਗੁਰਦੁਆਰੇ ਵਿੱਚੋਂ ਕੱਢਿਆ ਹੈ। ਅੱਜ ਪਿੰਡ ਦੇ ਜ਼ਿਆਦਾਤਰ ਲੋਕ ਗ੍ਰੰਥੀ ਨੂੰ ਬਿਨਾਂ ਵਜ੍ਹਾ ਕੱਢੇ ਜਾਣ ਦਾ ਵਿਰੋਧ ਕਰ ਰਹੇ ਸਨ। ਇਸੇ ਦੌਰਾਨ ਕਿਸੇ ਨੇ ਹਵਾਈ ਫਾਇਰ ਕਰ ਦਿੱਤੇ। ਇਸ ਦੌਰਾਨ ਰੋਹ ਵਿਚ ਆਏ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਜਾਣਕਾਰੀ ਅਨੁਸਾਰ ਪਿੰਡ ਵਾਸੀ ਕਮੇਟੀ ਮੈਂਬਰ ਦੇ ਪੁੱਤ ਉਤੇ ਗੋਲੀ ਚਲਾਉਣ ਦਾ ਦੋਸ਼ ਲਾਉਂਦੇ ਹੋਏ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਸਨ। ਡੀਐਸਪੀ ਪਾਤੜਾਂ ਸੁੱਖਅੰਮ੍ਰਿਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲੋਕਾਂ ਦੇ ਬਿਆਨ ਦਰਜ ਕਰ ਲਏ ਹਨ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੱਤਰਕਾਰਾਂ ਨਾਲ ਬਦਸਲੂਕੀ ਗੁਰਦੁਆਰਾ ਸਾਹਿਬ ਦੇ ਵਰਾਂਡੇ ਵਿੱਚ ਜੁੱਤੀਆਂ ਸਮੇਤ ਫਿਰਦੇ ਲੋਕਾਂ ਕੁਝ ਵਿਅਕਤੀਆਂ ਨੇ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਅਤੇ ਪਿੰਡ ਦੇ ਕੁਝ ਸਿਆਣੇ ਵਿਅਕਤੀਆਂ ਨੇ ਇਸ ਮਾਮਲੇ ਨੂੰ ਤੁਰੰਤ ਹੀ ਸ਼ਾਂਤ ਕਰ ਲਿਆ।