ਏਅਰਪੋਰਟ ਲਗਾ ਰਿਹਾ ਇਕ ਦਿਨ ਦਾ ਪੰਜਾਬੀਆਂ ਨੂੰ ਕਰੋੜਾਂ ਦਾ ਥੁੱਕ
ਪੰਜਾਬ ਤੋਂ ਦਿੱਲੀ ਹਵਾਈ ਅੱਡੇ ‘ਤੇ 24 ਘੰਟਿਆਂ ‘ਚ ਜਾਂਦੀਆਂ ਹਨ 6000 ਟੈਕਸੀਆਂ- ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿਚ ਇਸ ਸਮੇਂ 12783 ਪਿੰਡ ਹਨ। ਇਨ੍ਹਾਂ ਸਮੁੱਚੇ ਪਿੰਡਾਂ ਵਿਚੋਂ ਹਰ 24 ਘੰਟਿਆਂ ‘ਚ ਕਿਸੇ ਨੇ ਕਿਸੇ ਵਿਅਕਤੀ ਦਾ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਪਣੀ ਨਿੱਜੀ ਜਾਂ ਕਿਰਾਏ ਦੀ ਗੱਡੀ ਰਾਹੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਕਿਸੇ ਨੇੜਲੇ ਰਿਸ਼ਤੇਦਾਰ ਨੂੰ ਛੱਡਣ ਜਾਂ ਲੈ ਕੇ ਆਉਣ ਲਈ ਅਕਸਰ ਆਉਣਾ-ਜਾਣਾ ਰਹਿੰਦਾ ਹੈ। ਇਸ ਲੰਮੇ ਅਕਾਊ ਅਤੇ ਥਕਾਊ ਸਫ਼ਰ ਲਈ ਕਈ ਸੈਂਕੜੇ ਲੋਕ ਆਪਣੀਆਂ ਨਿੱਜੀ ਗੱਡੀਆਂ ਸਮੇਤ ਅਕਸਰ ਟੈਕਸੀਆਂ ਲੈ ਕੇ ਵੀ ਦਿੱਲੀ ਦੇ ਹਵਾਈ ਅੱਡੇ ਪਹੁੰਚਦੇ ਹਨ।
ਇਕ ਮੋਟੇ ਜਿਹੇ ਅਨੁਮਾਨ ਅਨੁਸਾਰ ਅਗਰ ਪੂਰੇ ਪੰਜਾਬ ‘ਚੋਂ ਤਕਰੀਬਨ 6000 ਗੱਡੀਆਂ ਰੋਜ਼ਾਨਾ ਦਿੱਲੀ ਜਾਣ ਅਤੇ ਹਰ ਟੈਕਸੀ ਨੂੰ 7500 ਰੁਪਏ ਕਿਰਾਏ ਵਜੋਂ ਅਦਾ ਕਰਨੇ ਪੈਣ ਤਾਂ ਪੰਜਾਬੀਆਂ ਦੇ ਇਕ ਦਿਨ ‘ਚ 4 ਕਰੋੜ 50 ਲੱਖ ਰੁਪਏ ਖ਼ਰਚ ਹੋ ਰਹੇ ਹਨ ਇਸ ਤੋਂ ਇਲਾਵਾ ਹਰ ਗੱਡੀ ਵਾਲੇ ਨੂੰ ਕੌਮੀ ਰਾਜ ਮਾਰਗ ਅਥਾਰਿਟੀ ਨੂੰ ਟੋਲ ਟੈਕਸ ਦੇ ਰੂਪ ‘ਚ ਲਗਪਗ 1000 ਰੁਪਏ ਵੱਖਰੇ ਦੇਣੇ ਪੈਂਦੇ ਹਨ। ਦਿੱਲੀ ਦੇ ਇਸ ਮਾਰਗ ‘ਤੇ ਅਕਸਰ ਟੈਕਸੀਆਂ ਵਾਲਿਆਂ ਨੂੰ ਪੰਜਾਬ, ਹਰਿਆਣਾ ਅਤੇ ਦਿੱਲੀ ਦੀ ਟ੍ਰੈਫ਼ਿਕ ਪੁਲਿਸ ਦਾ ਵੀ ਕਈ ਵਾਰ ‘ਚਾਹ-ਪਾਣੀ’ ਕਰਨਾ ਪੈਂਦਾ ਹੈ। ਦਿੱਲੀ ਪਹੁੰਚਣ ਤੋਂ ਪਹਿਲਾਂ ਦਿੱਲੀ ਵੱਲ ਸਫ਼ਰ ਕਰਨ ਵਾਲਿਆਂ ਨੂੰ ਜੀ.ਟੀ. ਰੋਡ ‘ਤੇ ਖੁੱਲੇ੍ਹ ਢਾਬਿਆਂ ਵਾਲਿਆਂ ਨੂੰ ਚਾਹ ਦਾ ਕੱਪ 20 ਰੁਪਏ ਅਤੇ ਰੋਟੀ ਦੀ ਥਾਲੀ ਲਗਪਗ 200 ਰੁਪਏ ਪ੍ਰਤੀ ਵਿਅਕਤੀ ਛਕਣੀ ਪੈਂਦੀ ਹੈ ਇੰਜਣ, ਟਾਇਰ, ਟੁੱਟ-ਭੱਜ, ਮੁਰੰਮਤ, ਹਾਦਸਾ, ਸਮਾਂ, ਸ਼ਕਤੀ ਅਤੇ ਊਰਜਾ ਵੱਖਰੀ ਨਸ਼ਟ ਕਰਨੀ ਪੈਂਦੀ ਹੈ।
ਦਿੱਲੀ ‘ਚ ਦਾਖ਼ਲ ਹੋ ਜਾਣ ਤੋਂ ਬਾਅਦ ਹਵਾਈ ਅੱਡੇ ਵੱਲ ਆਉਣ ਜਾਣ ਦੇ ਤਕਰੀਬਨ 70 ਕਿੱਲੋਮੀਟਰ ਲੰਮੇ ਸਫ਼ਰ ਨੂੰ ਲੰਮੇ ਆਵਾਜਾਈ ਜਾਮਾਂ ‘ਚੋਂ ਲੰਘਦਿਆਂ ਲਗਪਗ 4 ਘੰਟੇ ਔਸਤ ਖ਼ਰਚ ਹੁੰਦੇ ਹਨ। ਇਸ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਪਾਰਕਿੰਗ ‘ਚ ਇਕ ਘੰਟਾ ਗੱਡੀ ਖੜ੍ਹੀ ਕਰਨ ਦਾ 100 ਰੁਪਏ ਅਤੇ 20 ਫ਼ੀਸਦੀ ਜੀ.ਐਸ.ਟੀ. ਦੇਣਾ ਪੈਂਦਾ ਹੈ ਪਾਰਕਿੰਗ ਦੀ ਪਰਚੀ ਗਵਾਚ ਜਾਣ ‘ਤੇ ਨਵੀਂ ਪਰਚੀ ਬਣਾਉਣ ਦੀ ਫ਼ੀਸ 1200 ਰੁਪਏ ਹੈ ਅਤੇ ਉੱਪਰੋਂ ਸਿਤਮ ਦੀ ਗੱਲ ਇਹ ਹੈ ਕਿ ਇਸ ਪਾਰਕਿੰਗ ਵਿਚ ਗੱਡੀ ਚੋਰੀ ਹੋ ਜਾਣ ਦੀ ਸੂਰਤ ਵਿਚ ‘ਦਿੱਲੀ ਏਅਰਪੋਰਟ ਅਥਾਰਿਟੀ’ ਦੀ ਕੋਈ ਜ਼ਿੰਮੇਵਾਰੀ ਨਹੀਂ ਹਵਾਈ ਅੱਡੇ ਦੇ ‘ਅਰਾਈਵਲ’ (ਯਾਤਰੀ ਆਉਣ) ਅਤੇ ‘ਡਿਪਾਰਚਰ’ (ਯਾਤਰੀ ਜਾਣ) ਵਾਲੇ ਗੇਟਾਂ ਨਜ਼ਦੀਕ ਖਾਣ-ਪੀਣ ਵਾਲੀਆਂ ਦੁਕਾਨਾਂ ਤੋਂ 15 ਰੁਪਏ ਵਾਲ ਸੈਂਡਵਿਚ 50 ਰੁਪਏ ਦਾ ਅਤੇ 200 ਗ੍ਰਾਮ ਠੰਢੇ ਦੀ ਬੋਤਲ 85 ਰੁਪਏ ਦੀ ਮਿਲਦੀ ਹੈ ਇਸ ਤੋਂ ਇਲਾਵਾ ਪੰਜਾਬ ਤੋਂ ਦਿੱਲੀ ਦੇ ਰਾਹ ‘ਚ ਸੈਂਕੜੇ ਲੁੱਟਾਂ-ਖੋਹਾਂ, ਚੋਰੀ ਡਾਕੇ, ਜਾਨੀ ਨੁਕਸਾਨ ਅਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਵਾਪਰਨ ਦਾ ਡਰ ਅਕਸਰ ਰਾਹਗੀਰਾਂ ਦੇ ਮਨ ‘ਤੇ ਰਹਿੰਦਾ ਹੈ ਇਸ ਤੋਂ ਇਲਾਵਾ ਦਿੱਲੀ ਆਉਣ-ਜਾਣ ਸਮੇਂ ਇਨ੍ਹਾਂ ‘ਚ ਹੋਰ ਵੀ ਅਨੇਕਾਂ ਲੁਕਵੇਂ ਖ਼ਰਚ ਸ਼ਾਮਿਲ ਹਨ,
ਜਿਨ੍ਹਾਂ ਦਾ ਇੱਥੇ ਜ਼ਿਕਰ ਨਹੀਂ ਕੀਤਾ ਗਿਆ ਕੁੱਲ ਮਿਲਾ ਕੇ ਅਗਰ ਇਨ੍ਹਾਂ ਸਮੱਸਿਆਵਾਂ ਦਾ ਪੰਜਾਬ ਸਰਕਾਰ ਧਿਆਨ ਨਾਲ ਵਿਚਾਰ ਕਰੇ ਤਾਂ ਪਤਾ ਲੱਗੇਗਾ ਕਿ ਪੰਜਾਬੀਆਂ ਨੂੰ ਸਿਰਫ਼ ਦਿੱਲੀ ਜਾਣ ਲਈ ਹੀ ਪ੍ਰਤੀ ਦਿਨ ਕਰੋੜਾਂ ਅਤੇ ਇਕ ਸਾਲ ਵਿਚ ਅਰਬਾਂ ਖਰਬਾਂ ਰੁਪਏ ਦੀ ਰਾਸ਼ੀ ਖ਼ਰਚ ਕਰਨੀ ਪੈਂਦੀ ਹੈ ਇਕ ਸਾਲ ਦੌਰਾਨ ਖ਼ਰਚੀ ਜਾਣ ਵਾਲੀ ਇਸ ਰਾਸ਼ੀ ਨਾਲ ਦਿੱਲੀ ਨਾਲੋਂ ਵੀ ਵਿਸ਼ਾਲ ਅੰਤਰਰਾਸ਼ਟਰੀ ਹਵਾਈ ਅੱਡਾ ਪੰਜਾਬ ‘ਚ ਕਿਤੇ ਵੀ ਉਸਾਰਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦਿੱਲੀ ਸਰਕਾਰ ਨਾਲ ਸਹਿਯੋਗ ਕਰਕੇ ਚੰਡੀਗੜ੍ਹ,ਸਾਹਨੇਵਾਲ ਜਾਂ ਅੰਮਿ੍ਤਸਰ ਦੇ ਮੌਜੂਦਾ ਹਵਾਈ ਅੱਡਿਆਂ ਨੂੰ ਅਪਗ੍ਰੇਡ ਕਰਨ ਜਾਂ ਹਵਾਈ ਸੈਨਾ ਦੇ ਆਦਮਪੁਰ ਜਾਂ ਹਲਵਾਰਾ ਹਵਾਈ ਅੱਡਿਆਂ ਵਿਚੋਂ ਕਿਸੇ ਇਕ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਪੱਧਰ ਦੀ ਸ਼ਕਲ ਦੇਣ ਤਾਂ ਸਮੂਹ ਪੰਜਾਬੀ ਉਨ੍ਹਾਂ ਦਾ ਲੋਕ ਹਿਤ ਵਿਚ ਕੀਤਾ ਗਿਆ ਇਹ ਵਡੇਰਾ ਕਾਰਜ ਕਦੇ ਵੀ ਨਹੀਂ ਭੁਲਾਉਣਗੇ।
