ਹੱਦੋਂ ਵੱਧ ਪੈ ਰਹੀ ਗਰਮੀ ‘ਚ ਏਅਰਕੰਡੀਸ਼ਨਰਾਂ ਦੀ ਵਰਤੋਂ ਵੀ ਕਾਫ਼ੀ ਵੱਧ ਰਹੀ ਹੈ, ਅੱਜ ਦੇ ਸਮੇ ਵਿਚ AC ਤੋਂ ਬਗੈਰ ਰਹਿਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਪਰ ਏਅਰਕੰਡੀਸ਼ਨਰਾਂ ਦੇ ਨਾਲ ਵੋਲਟੇਜ਼ ਨੂੰ ਕਾਬੂ ‘ਚ ਰੱਖਣ ਵਾਲੇ ਜੋ ਸਟੈਬਲਾਈਜ਼ਰ ਲਗਾਏ ਜਾਂਦੇ ਹਨ, ਉਹ ਸਟੈਬਲਾਈਜ਼ਰ ਲੁਕਵੇਂ ਤਰੀਕੇ ਨਾਲ ਲੋਕਾਂ ਦੀਆਂ ਜੇਬਾਂ ਖ਼ਾਲੀ ਕਰ ਰਹੇ ਹਨ ਪਰ ਲੋਕਾਂ ਜ਼ਿਆਦਾ ਬਿਜਲੀ ਦਾ ਬਿੱਲ ਆਉਣ ਦਾ ਠੀਕਰਾ ਬਿਜਲੀ ਨਿਗਮ ਦੇ ਸਿਰ ਭੰਨ੍ਹਦੇ ਹਨ ।ਜਾਣਕਾਰੀ ਅਨੁਸਾਰ ਵੱਖ-ਵੱਖ ਏਅਰਕੰਡੀਸ਼ਨਰ ਬਣਾਉਣ ਵਾਲੀਆਂ ਕੰਪਨੀਆਂ ‘ਚੋਂ ਬਹੁਤੀਆਂ ਕੰਪਨੀਆਂ ਸਿਰਫ਼ ਏਅਰਕੰਡੀਸ਼ਨਰ ਹੀ ਵੇਚਦੀਆਂ ਹਨ ਤੇ ਉਨ੍ਹਾਂ ਨਾਲ ਬਿਜਲੀ ਨੂੰ ਕਾਬੂ ਵਿਚ ਰੱਖਣ ਲਈ ਦੇ ਲਈ ਲਗਾਏ ਜਾਂਦੇ ਸਟੈਬਲਾਈਜ਼ਰ ਵੱਖ-ਵੱਖ ਕੰਪਨੀਆਂ ਵਲੋਂ ਤਿਆਰ ਕੀਤੇ ਜਾਂਦੇ ਹਨ ।

ਪਰ ਪੈਸੇ ਜ਼ਿਆਦਾ ਕਮਾਉਣ ਦੇ ਚੱਕਰ ‘ਚ ਕਈ ਕੰਪਨੀਆਂ ਸਟੈਬਲਾਈਜ਼ਰ ‘ਚ 360 ਤੋਂ 610 ਰੁਪਏ ਕਿੱਲੋ ਵਾਲਾ ਤਾਂਬਾ ਪਾਉਣ ਦੀ ਥਾਂ ‘ਤੇ 150 ਰੁਪਏ ਕਿੱਲੋ ਵਾਲਾ ਅਲਮੀਨੀਅਮ ਪਾ ਕੇ ਸਟੈਬਲਾਈਜ਼ਰ ਤਿਆਰ ਕਰ ਦਿੰਦੇ ਹਨ । 150 ਰੁਪਏ ਅਲਮੀਨੀਅਮ ਪਾ ਕੇ ਤਿਆਰ ਕੀਤਾ ਗਿਆ ਸਟੈਬਲਾਈਜ਼ਰ 2 ਹਜ਼ਾਰ ਰੁਪਏ ਤੋਂ 2500 ਰੁਪਏ ਵਿਚ ਵੇਚਿਆ ਜਾ ਰਿਹਾ ਹੈ ।ਜਦਕਿ ਇਸ ਦੇ ਮੁਕਾਬਲੇ ਸਥਾਨਕ ਪੱਧਰ ‘ਤੇ ਬਣਨ ਵਾਲੇ ਸਟੈਬਲਾਈਜ਼ਰਾਂ ‘ਚ 360 ਰੁਪਏ ਤੋਂ 610 ਰੁਪਏ ਕਿੱਲੋ ਵਾਲਾ ਤਾਂਬਾ ਪਾਇਆ ਜਾਂਦਾ ਹੈ, ਜਿਸ ਦੀ ਕੀਮਤ 2200 ਰੁਪਏ ਤੋਂ 9 ਹਜ਼ਾਰ ਰੁਪਏ ਤੱਕ ਹੈ । ਅਲਮੀਨੀਅਮ ਨਾਲ ਬਣੇ ਸਟੈਬਲਾਈਜ਼ਰ ‘ਚ ਬਿਜਲੀ ਦੀ ਵੋਲਟੇਜ਼ ਕਾਬੂ ਕਰਨ ਦੀ ਸਮਰੱਥਾ ਤਾਂਬੇ ਨਾਲ ਬਣੇ ਸਟੈਬਲਾਈਜ਼ਰ ਨਾਲੋਂ ਕਈ ਗੁਣਾਂ ਘੱਟ ਹੁੰਦੀ ਹੈ ।

ਅਲਮੀਨੀਅਮ ਨਾਲ ਬਣੇ ਸਟੈਬਲਾਈਜ਼ਰ ਦੀ ਥਾਂ ‘ਤੇ ਤਾਂਬੇ ਨਾਲ ਬਣਿਆ ਸਟੈਬਲਾਈਜ਼ਰ ਲਗਾਉਣ ਨਾਲ 2 ਟਨ ਵਾਲੇ ਏ.ਸੀ. ਦੀ 1 ਹਜ਼ਾਰ ਤੋਂ 1250 ਰੁਪਏ, ਡੇਢ ਟਨ ਵਾਲੇ ਏ.ਸੀ. ਦੀ 500 ਹਜ਼ਾਰ ਤੋਂ 750 ਰੁਪਏ ਤੇ 1 ਟਨ ਵਾਲੇ ਏ.ਸੀ. ਦੀ 350 ਤੋਂ 500 ਰੁਪਏ ਦੀ ਬਿਜਲੀ ਪ੍ਰਤੀ ਮਹੀਨਾ ਬਚਾਈ ਜਾ ਸਕਦੀ ਹੈ ।ਆਪਣੇ ਘਰਾਂ ਜਾਂ ਹੋਰ ਕਾਰੋਬਾਰੀ ਥਾਵਾਂ ‘ਤੇ ਏ.ਸੀ. ਲਗਾਉਣ ਵਾਲੇ ਇਸ ਗੱਲ ਤੋਂ ਅਣਜਾਣ ਹਨ ਕਿ ਕਈ ਕੰਪਨੀਆਂ ਆਪਣੀ ਕਮਾਈ ਵਧਾਉਣ ਲਈ ਤਾਂਬੇ ਦੀ ਥਾਂ ‘ਤੇ ਅਲਮੀਨੀਅਮ ਦੀ ਤਾਰ ਪਾ ਰਹੇ ਹਨ ਜਿਸ ਨਾਲ ਏ.ਸੀ. ਚਲਾਉਣ ਵਾਲਿਆਂ ਦੇ ਬਿਜਲੀ ਦੇ ਬਿੱਲ ਵੱਧ ਆ ਰਹੇ ਹਨ ।