ਸਾਡੇ ਮੁਲਕ ਦਾ ਪਾਸਪੋਰਟ ਬਿਨਾਂ ਵੀਜ਼ਾ ਕਰੋ ਇਨ੍ਹਾਂ ਮੁਲਕਾਂ ਦੀ ਸੈਰ
ਕਿਸੇ ਵੀ ਮੁਲਕ ਦੇ ਨਾਗਰਿਕਾਂ ਨੂੰ ਵਿਦੇਸ਼ ਜਾਣ ਲਈ ਪਾਸਪੋਰਟ ਦੀ ਲੋੜ ਪੈਂਦੀ ਹੈ। ਇਸ ਲੋੜ ਨੂੰ ਮੁੱਖ ਰੱਖਦੇ ਹੋਏ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਉੱਥੋਂ ਦੀ ਸਰਕਾਰ ਵੱਲੋਂ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ। ਇਸ ਲਈ ਇਕ ਵੱਖਰਾ ਵਿਭਾਗ ਬਣਾਇਆ ਜਾਂਦਾ ਹੈ। ਹਰ ਮੁਲਕ ਦੇ ਪਾਸਪੋਰਟ ਦੀ ਆਪਣੀ ਸਮਰੱਥਾ ਹੈ। ਭਾਰਤ ਸਰਕਾਰ ਦੁਆਰਾ ਆਪਣੇ ਨਾਗਰਿਕਾਂ ਨੂੰ ਤਿੰਨ ਕਿਸਮ ਦੇ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ। ਇਨ੍ਹਾਂ ਦੇ ਵੱਖਰੇ ਵੱਖਰੇ ਰੰਗ ਹੁੰਦੇ ਹਨ ਅਤੇ ਰੰਗਾਂ ਦੇ ਆਧਾਰ ਤੇ ਹੀ ਇਨ੍ਹਾਂ ਦੀ ਪਛਾਣ ਹੁੰਦੀ ਹੈ। ਵਿਭਾਗ ਦੁਆਰਾ ਹਰ ਆਮ ਨਾਗਰਿਕ ਨੂੰ ਨੀਲੇ ਰੰਗ ਦਾ ਪਾਸਪੋਰਟ ਜਾਰੀ ਕੀਤਾ ਜਾਂਦਾ ਹੈ।
ਜਦ ਕਿ ਸਰਕਾਰੀ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਚਿੱਟੇ ਰੰਗ ਦਾ ਪਾਸਪੋਰਟ ਜਾਰੀ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਸਰਕਾਰੀ ਅਧਿਕਾਰੀ ਵਿਦੇਸ਼ਾਂ ਵਿੱਚ ਕੰਮ ਦੇ ਸਬੰਧ ਵਿੱਚ ਜਾਣ ਲਈ ਕਰਦੇ ਹਨ। ਇਸ ਤੋਂ ਬਿਨਾਂ ਰਾਜਨੀਤਿਕ ਲੋਕਾਂ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ ਨਾਭੀ ਰੰਗ ਦੇ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ। ਜਿੱਥੇ ਇਨ੍ਹਾਂ ਨੂੰ ਕਿਸੇ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ। ਉੱਥੇ ਹੀ ਇਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਵੀ ਮਿਲਦੀਆਂ ਹਨ। ਵੱਖ ਵੱਖ ਦੇਸ਼ਾਂ ਦੇ ਪਾਸਪੋਰਟਾਂ ਦੀ ਵੱਖਰੀ ਵੱਖਰੀ ਪਹੁੰਚ ਹੈ। ਭਾਰਤੀ ਪਾਸਪੋਰਟ ਤੇ ਬਿਨਾਂ ਵੀਜ਼ਾ ਤੋਂ 58 ਮੁਲਕਾਂ ਦੀ ਯਾਤਰਾ ਕੀਤੀ ਜਾ ਸਕਦੀ ਹੈ।
ਜਿਨ੍ਹਾਂ ਵਿੱਚ ਭੂਟਾਨ, ਕੰਬੋਡੀਆ, ਇੰਡੋਨੇਸ਼ੀਆ, ਮਕਾਊ, ਨੇਪਾਲ, ਸ੍ਰੀਲੰਕਾ, ਮਾਲਦੀਪ, ਮਿਆਂਮਾਰ, ਈਰਾਨ ਅਤੇ ਕਤਰ ਆਦਿ ਮੁਲਕ ਹਨ। ਜੇਕਰ ਭਾਰਤੀ ਪਾਸਪੋਰਟ ਦੀ ਹੋਰ ਮੁਲਕਾਂ ਦੇ ਪਾਸਪੋਰਟ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 84ਵੇਂ ਸਥਾਨ ਤੇ ਆਉਂਦਾ ਹੈ। ਜਾਪਾਨ ਦਾ ਪਾਸਪੋਰਟ ਸਭ ਤੋਂ ਵੱਧ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸ ਨਾਲ ਬਿਨਾਂ ਵੀਜ਼ੇ ਤੋਂ 191 ਮੁਲਕਾਂ ਦੀ ਯਾਤਰਾ ਹੋ ਸਕਦੀ ਹੈ। ਇਸ ਤਰ੍ਹਾਂ ਹੀ ਸਿੰਗਾਪੁਰ ਦੇ ਪਾਸਪੋਰਟ ਨਾਲ 190 ਜਰਮਨੀ ਅਤੇ ਦੱਖਣੀ ਕੋਰੀਆ ਦੇ ਪਾਸਪੋਰਟ ਨਾਲ 189 ਇਟਲੀ ਅਤੇ ਫਿਨਲੈਂਡ ਦੇ ਪਾਸਪੋਰਟ ਨਾਲ
188 ਡੈੱਨਮਾਰਕ, ਲਗਜਮਬਰਗ ਅਤੇ ਸਪੇਨ ਦੇ ਪਾਸਪੋਰਟ ਨਾਲ 187 ਫਰਾਂਸ ਸਵੀਡਨ ਦੇ ਪਾਸਪੋਰਟ ਨਾਲ 186 ਆਸਟਰੇਲੀਆ, ਆਇਰਲੈਂਡ, ਨੀਦਰਲੈਂਡ, ਪੁਰਤਗਾਲ, ਸਵਿਟਜ਼ਰਲੈਂਡ ਤੇ ਪਾਸਪੋਰਟ ਨਾਲ 185 ਅਤੇ ਗ੍ਰੀਸ, ਬੈਲਜੀਅਮ, ਨਾਰਵੇ, ਬ੍ਰਿਟੇਨ ਅਤੇ ਅਮਰੀਕਾ ਦੇ ਪਾਸਪੋਰਟ ਨਾਲ 184 ਮੁਲਕਾਂ ਦੀ ਬਿਨਾਂ ਪਾਸਪੋਰਟ ਯਾਤਰਾ ਕੀਤੀ ਜਾ ਸਕਦੀ ਹੈ। ਚੀਨ ਦਾ ਪਾਸਪੋਰਟ ਭਾਰਤੀ ਪਾਸਪੋਰਟ ਨਾਲੋਂ ਜ਼ਿਆਦਾ ਪਾਵਰਫੁੱਲ ਹੋਣ ਕਾਰਨ 71 ਵੇਂ ਸਥਾਨ ਤੇ ਹੈ। ਪਾਕਿਸਤਾਨ ਦਾ ਪਾਸਪੋਰਟ ਬਹੁਤ ਕਮਜ਼ੋਰ ਸਥਿਤੀ ਵਿੱਚ ਹੋਣ ਕਰਕੇ ਇਸ ਨਾਲ ਸਿਰਫ 32 ਮੁਲਕਾਂ ਦੀ ਬਿਨਾਂ ਵੀਜ਼ਾ ਯਾਤਰਾ ਕੀਤੀ ਜਾ ਸਕਦੀ ਹੈ।
