ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਦੀ ਮੌਤ ਤੇ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਦੇ ਮਾਮਲੇ ਵਿੱਚ ਕੁਝ ਉੱਘ-ਸੁੱਘ ਲੱਗਣ ਦੀ ਆਸ ਬੱਝੀ ਹੈ। ਦਰਅਸਲ, ਪੰਜਾਬ ਪੁਲਿਸ ਨੂੰ ਰਾਜਸਥਾਨ ਨਹਿਰ ‘ਚੋਂ ਮਿਲੀ ਲਾਸ਼ ਹੈ ਅਤੇ ਪੁਲਿਸ ਨੂੰ ਯਕੀਨ ਹੈ ਕਿ ਇਹ ਲਾਸ਼ ਜਸਪਾਲ ਸਿੰਘ ਦੀ ਹੀ ਹੈ। ਪੁਲਿਸ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਕੋਲ ਮਸੀਤਾਂ ਹੈਡ ਤੋਂ ਇਹ ਲਾਸ਼ ਬਰਾਮਦ ਕੀਤੀ ਹੈ। ਹਾਲਾਂਕਿ, ਪੁਲਿਸ ਨੂੰ ਮਿਲੀ ਲਾਸ਼ ਦੀ ਸ਼ਨਾਖ਼ਤ ਨਹੀਂ ਹੋ ਸਕੀ ਅਤੇ ਹੁਣ ਜਸਪਾਲ ਦੇ ਮਾਪੇ ਇਸ ਲਾਸ਼ ਦੀ ਸ਼ਨਾਖ਼ਤ ਕਰਨਗੇ।

ਜੇਕਰ ਮਾਪਿਆਂ ਤੋਂ ਸ਼ਨਾਖ਼ਤ ਨਾ ਹੋਈ ਤਾਂ DNA ਟੈਸਟ ਦਾ ਵਿਕਲਪ ਵੀ ਚੁਣਿਆ ਜਾ ਸਕਦਾ ਹੈ। ਪੁਲਿਸ ਨੇ ਇਹ ਲਾਸ਼ ਪੰਜਾਬ – ਰਾਜਸਥਾਨ ਦੇ ਬਾਰਡਰ ਤੋਂ ਮਿਲਣ ਬਾਰੇ ਕਿਹਾ ਹੈ। 19 ਮਈ ਦੀ ਸਵੇਰ ਨੂੰ ਹਿਰਾਸਤ ‘ਚ ਹੋਈ ਮੌਤ ਤੋਂ ਬਾਅਦ ਜਸਪਾਲ ਸਿੰਘ ਦੀ ਲਾਸ਼ ਖੁਰਦ ਬੁਰਦ ਕਰਨ ਲਈ ਰਾਜਸਥਾਨ ਫੀਡਰ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਲਾਸ਼ ਸੁੱਟਣ ਦਾ ਇਲਜ਼ਾਮ ਵੀ ਸੀ.ਆਈ.ਏ. ਸਟਾਫ, ਫ਼ਰੀਦਕੋਟ ਦੇ ਇੰਚਾਰਜ ਇੰਸ: ਨਰਿੰਦਰ ਸਿੰਘ ਤੇ ਲੱਗਿਆ ਸੀ।

ਅੱਜ ਦੇਰ ਸ਼ਾਮ ਪੁਲਿਸ ਵੱਲੋਂ ਐਕਸ਼ਨ ਕਮੇਟੀ ਅੱਗੇ ਦਾਅਵਾ ਕੀਤਾ ਗਿਆ ਕਿ ਰਾਜਸਥਾਨ ਫੀਡਰ ਦੀ ਤਲਾਸ਼ੀ ਦੌਰਾਨ ਪਿੰਡ ਮਸੀਤਾਂ ਨੇੜੇ ਹਨੁਮਾਨਗੜ ਕੋਲੋਂ ਇੱਕ ਨੌਵਜਾਨ ਦੀ ਲਾਸ਼ ਮਿਲੀ ਹੈ ਜਿਸ ਨੂੰ ਕਬਜੇ ਵਿੱਚ ਲਿਆ ਗਿਆ ਹੈ।