Home / Viral / ਜਨਮ ਦੇਣ ਵਾਲੀ ਨੂੰ ਲੱਗਭੱਗ 40 ਸਾਲ ਬਾਅਦ ਮਿਲਿਆ ਪੁੱਤ – ਦੇਖੋ ਕਿਦਾਂ ਜੁਗਤ ਲਗਾ ਕੇ ਲੱਭੀ ਮਾਂ

ਜਨਮ ਦੇਣ ਵਾਲੀ ਨੂੰ ਲੱਗਭੱਗ 40 ਸਾਲ ਬਾਅਦ ਮਿਲਿਆ ਪੁੱਤ – ਦੇਖੋ ਕਿਦਾਂ ਜੁਗਤ ਲਗਾ ਕੇ ਲੱਭੀ ਮਾਂ

ਚੇਨਈ : ਤਾਮਿਲਨਾਡੂ ਵਿਚ ਸ਼ਨੀਵਾਰ ਇਕ ਬੇਟੇ ਨੂੰ ਲੱਗਭੱਗ 40 ਸਾਲ ਦੀ ਉਮਰ ਵਿਚ ਉਸ ਮਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜਿਸ ਨੇ ਉਸ ਨੂੰ ਜਨਮ ਦਿੱਤਾ ਸੀ। ਡੈਨਮਾਰਕ ਵਿਚ ਰਹਿਣ ਵਾਲਾ ਡੇਵਿਡ ਨੀਲਸਨ ਮਾਂ ਨੂੰ ਮਿਲ ਕੇ ਰੋ ਪਿਆ ਤੇ ਮਾਂ ਧਨਲਕਸ਼ਮੀ ਵੀ ਜਜ਼ਬਾਤੀ ਹੋ ਗਈ।

ਨੀਲਸਨ ਦਾ ਅਸਲ ਨਾਂਅ ਸ਼ਾਂਤਾ ਕੁਮਾਰ ਹੈ ਤੇ ਉਸ ਦਾ 25 ਜਨਵਰੀ 1978 ਨੂੰ ਧਨਲਕਸ਼ਮੀ ਤੇ ਕਾਲੀਆਮੂਰਤੀ ਦੇ ਘਰ ਜਨਮ ਹੋਇਆ ਸੀ। ਪਤੀ ਦੇ ਘਰੋਂ ਚਲੇ ਜਾਣ ਕਾਰਨ ਧਨਲਕਸ਼ਮੀ ਦੋਨੋਂ ਬੇਟਿਆਂ ਸ਼ਾਂਤਾ ਕੁਮਾਰ ਤੇ ਮੈਨੂਅਲ ਰਾਜਨ ਨਾਲ ਉਸੇ ਸਾਲ ਪੱਲਾਵਰਮ ਦੇ ਅਨਾਥ ਆਸ਼ਰਮ ਵਿਚ ਰਹਿਣ ਲੱਗ ਪਈ ਸੀ। ਇਕ ਸਾਲ ਬਾਅਦ ਅਧਿਕਾਰੀਆਂ ਨੇ ਧਨਲਕਸ਼ਮੀ ਨੂੰ ਇਹ ਕਹਿ ਕੇ ਉਥੋਂ ਚਲੇ ਜਾਣ ਨੂੰ ਕਹਿ ਦਿੱਤਾ ਸੀ ਕਿ ਹੋਰਨਾਂ ਬੱਚਿਆਂ ਨੂੰ ਘਰ ਦੀ ਯਾਦ ਸਤਾਉਣ ਲਗਦੀ ਹੈ। ਧਨਲਕਸ਼ਮੀ ਬੇਟਿਆਂ ਨੂੰ ਮਿਲਣ ਅਕਸਰ ਆਉਂਦੀ ਰਹਿੰਦੀ ਸੀ, ਪਰ ਇਕ ਦਿਨ ਪ੍ਰਬੰਧਕਾਂ ਨੇ ਉਸ ਨੂੰ ਦੱਸਿਆ ਕਿ ਦੋਹਾਂ ਨੂੰ ਵਿਦੇਸ਼ ਭੇਜ ਦਿੱਤਾ ਗਿਆ ਹੈ ਤੇ ਉਹ ਉਥੇ ਵਧਿਆ ਜ਼ਿੰਦਗੀ ਗੁਜ਼ਾਰ ਸਕਦੇ ਹਨ। ਉਸ ਨੂੰ ਇਹ ਪਤਾ ਨਹੀਂ ਲੱਗਾ ਕਿ ਉਨ੍ਹਾਂ ਨੂੰ ਗੋਦ ਲਿਆ ਗਿਆ ਹੈ। ਕੁਝ ਮਹੀਨਿਆਂ ਬਾਅਦ ਪਤੀ ਵਾਪਸ ਆ ਗਿਆ ਤੇ ਤੀਜੇ ਬੱਚੇ ਨੇ ਜਨਮ ਲਿਆ। ਇਸ ਵਾਰ ਧਨਲਕਸ਼ਮੀ ਨੇ ਉਸ ਬੇਟੇ ਨੂੰ ਕਿਸੇ ਹਵਾਲੇ ਕਰਨ ਤੋਂ ਨਾਂਹ ਕਰ ਦਿੱਤੀ। ਪਤੀ ਫਿਰ ਗਾਇਬ ਹੋ ਗਿਆ।

ਨੀਲਸਨ ਨੂੰ ਮਾਂ ਨਾਲ ਮਿਲਾਉਣ ਵਿਚ ਹਾਲੈਂਡ ਦੀ ਐੱਨ ਜੀ ਓ ਅਗੇਂਸਟ ਚਾਈਲਡ ਟਰੈਫਿਕਿੰਗ ਦੀ ਅੰਜਲੀ ਪਵਾਰ ਤੇ ਉਸ ਦੇ ਸਾਥੀ ਅਰੁਣ ਦੋਹਲੇ ਨੇ ਮਦਦ ਕੀਤੀ। ਫਰਵਰੀ 2013 ਵਿਚ ਨੀਲਸਨ ਦੇ ਹੱਥ ਦਸਤਾਵੇਜ਼ ਲੱਗੇ ਤੇ ਉਸ ਨੂੰ ਦੂਜੇ ਭਰਾ ਬਾਰੇ ਪਤਾ ਲੱਗਾ। ਉਸ ਨੂੰ ਵੀ ਡੈਨਮਾਰਕ ਦੇ ਕਿਸੇ ਪਰਵਾਰ ਨੇ ਗੋਦ ਲਿਆ ਸੀ। ਨੀਲਸਨ ਨੇ ਜਦੋਂ ਮਾਂ-ਬਾਪ ਨੂੰ ਲੱਭਣ ਲਈ ਮੁਹਿੰਮ ਚਲਾਈ, ਉਸ ਕੋਲ ਇਕ ਪੁਰਾਣੀ ਫੋਟੋ ਤੇ ਅਨਾਥ ਆਸ਼ਰਮ ਦਾ ਪਤਾ ਹੀ ਸੀ।

ਇਹ ਆਸ਼ਰਮ ਵੀ 1990 ਵਿਚ ਬੰਦ ਹੋ ਗਿਆ ਸੀ। ਉਸ ਬਾਰੇ ਅਖਬਾਰਾਂ ਵਿਚ ਛਪੀਆਂ ਖਬਰਾਂ ‘ਤੇ ਪੱਲਾਵਰਮ ਅਨਾਥ ਆਸ਼ਰਮ ਦੇ ਪਾਸਟਰ ਦੀ ਧੀ ਤੇ ਪਤਨੀ ਦੀ ਨਜ਼ਰ ਪਈ। ਉਨ੍ਹਾਂ ਨੀਲਸਨ ਨੂੰ ਧਨਲਕਸ਼ਮੀ ਦੀ ਤਸਵੀਰ ਭੇਜੀ। ਨੀਲਸਨ ਨੇ ਇਹ ਸੋਚ ਕੇ ਪੁਰਾਣੀ ਤਸਵੀਰ ਵਾਲੇ ਪੋਸਟਰ ਲੁਆਏ ਕਿ ਸ਼ਾਇਦ ਮਾਂ ਦੀ ਨਜ਼ਰੀਂ ਪੈ ਜਾਵਾਂ।

ਸਫਲਤਾ ਉਦੋਂ ਮਿਲੀ, ਜਦੋਂ ਧਨਲਕਸ਼ਮੀ ਦੇ ਰਿਸ਼ਤੇਦਾਰਾਂ ਨੇ ਕੁਝ ਹਫਤੇ ਪਹਿਲਾਂ ਇਕ ਟੀ ਵੀ ਪ੍ਰੋਗਰਾਮ ਵਿਚ ਨੀਲਸਨ ਬਾਰੇ ਪ੍ਰੋਗਰਾਮ ਦੇਖਿਆ ਤੇ ਉਸ ਨਾਲ ਸੰਪਰਕ ਕੀਤਾ।
ਛੇਤੀ ਬਾਅਦ ਮਾਂ ਤੇ ਬੇਟੇ ਨੇ ਵੀਡੀਓ ਕਾਲ ਨਾਲ ਗੱਲ ਕੀਤੀ। ਹੁਣ ਇਕ ਮੁਸ਼ਕਲ ਹੈ ਕਿ ਨੀਲਸਨ ਨੂੰ ਮਾਂ ਬੋਲੀ ਨਹੀਂ ਆਉਂਦੀ। ਉਸ ਨੇ ਮਾਂ ਨੂੰ ਬਚਪਨ ਦੀਆਂ ਤਸਵੀਰਾਂ ਦੀ ਐਲਬਮ ਦਿੱਤੀ ਹੈ। ਨੀਲਸਨ ਨੂੰ ਯਕੀਨ ਹੈ ਕਿ ਧਨਲਕਸ਼ਮੀ ਹੀ ਉਸ ਦੀ ਮਾਂ ਹੈ, ਹਾਲਾਂਕਿ ਇਸ ਦੀ ਪੁਸ਼ਟੀ ਡੀ ਐੱਨ ਏ ਟੈਸਟ ਨਾਲ ਹੋਵੇਗੀ।

error: Content is protected !!