ਲੋਕ ਸਭਾ ਚੋਣਾਂ ਦੇ ਪਹਿਲੇ ਤਿੰਨ ਪੜਾਵਾਂ ਦੌਰਾਨ 303 ਸੀਟਾਂ ‘ਤੇ ਵੋਟਿੰਗ ਹੋ ਚੁੱਕੀ ਹੈ। ਚੌਥੇ ਪੜਾਅ ਵਿਚ 29 ਅਪ੍ਰੈਲ ਨੂੰ 9 ਸੂਬਿਆਂ ਦੀਆਂ 71 ਸੀਟਾਂ ‘ਤੇ ਵੋਟਿੰਗ ਹੋਵੇਗੀ। ਚੌਥੇ ਪੜਾਅ ਲੀ ਸ਼ਨਿਚਰਵਾਰ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ। 71 ਵਿਚੋਂ 37 ਸੀਟਾਂ ਅਜਿਹੀਆਂ ਹਨ ਜਿੱਥੇ ਰੈੱਡ ਅਲਰਟ ਐਲਾਨਿਆ ਗਿਆ ਹੈ ਯਾਨਿ ਇਨ੍ਹਾਂ ਸੀਟਾਂ ‘ਤੇ 3 ਤੋਂ ਜ਼ਿਆਦਾ ਉਮੀਦਵਾਰਂ ਨੇ ਆਪਣੇ ਉੱਪਰ ਅਪਰਾਧਕ ਮਾਮਲਿਆਂ ਦਾ ਐਲਾਨ ਕੀਤਾ ਹੈ।

ਇਸ ਪੜਾਅ ਵਿਚ ਕੁੱਲ 943 ਉਮੀਦਵਾਰ ਮੈਦਾਨ ‘ਚ ਹਨ। ਚੌਥੇ ਪੜਾਅ ਵਿਚ ਸਭ ਤੋਂ ਅਮੀਰ ਉਮੀਦਵਾਰ ਮੱਧ ਪ੍ਰਦੇਸ਼ ਦੀ ਛਿੰਦਵਾੜਾ ਸੀਟ ਤੋਂ ਕਾਂਗਰਸੀ ਉਮੀਦਵਾਰ ਅਤੇ ਮੁੱਖ ਮੰਤਰੀ ਕਲਮਨਾਥ ਦੇ ਪੁੱਤਰ ਨਕੁਲਨਾਥ ਹਨ। ਨਕੁਲ ਦੀ ਕੁੱਲ ਜਾਇਦਾਦ 660 ਕਰੋੜ ਰੁਪਏ ਤੋਂ ਜ਼ਿਆਦਾ ਹੈ।ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਦੀ ਵੋਟਿੰਗ 19 ਮਈ ਨੂੰ ਹੋਵੇਗੀ ਅਤੇ ਸਾਰੀਆਂ 543 ਸੀਟਾਂ ਦਾ ਨਤੀਜਾ 23 ਮਈ ਵੀਰਵਾਰ ਨੂੰ ਐਲਾਨਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਬਿਹਾਰ (5), ਜੰਮੂ ਅਤੇ ਕਸ਼ਮੀਰ (1), ਝਾਰਖੰਡ (3), ਮੱਧ ਪ੍ਰਦੇਸ਼ (6), ਮਹਾਰਾਸ਼ਟਰ (17), ਓਡੀਸ਼ਾ (6), ਰਾਜਸਥਾਨ (13), ਉੱਤਰ ਪ੍ਰਦੇਸ਼ (13) ਅਤੇ ਪੱਛਮੀ ਬੰਗਾਲ (8) ਦੀਆਂ ਸੀਟਾਂ ‘ਤੇ ਵੋਟਾਂ ਪੈਣਗੀਆਂ। ਜਿਕਰਯੋਗ ਹੈ ਕਿ ਲੋਕਸਭਾ ਚੋਣਾਂ ਲਈ ਵੋਟਿੰਗ ਸੱਤ ਪੜਾਅ ‘ਚ ਹੋਣਗੀਆਂ। 11 ਅਪਰੈਲ ਤੋਂ 19 ਮਈ ਤਕ ਇਹ 7 ਪੜਾਅ ਚਲਣਗੇ। 23 ਮਈ ਨੂੰ ਦੇਸ਼ ਨੂੰ ਨਵੀਂ ਸਰਕਾਰ ਮਿਲ ਜਾਵੇਗੀ।

ਇਲੈਕਸ਼ਨ ਕਮਿਸ਼ਨ ਨੇ ਉਮੀਦਵਾਰਾਂ ਲਈ ਕੁਝ ਖਾਸ ਦਿਸ਼ਾ ਨਿਰਦੇਸ਼ ਦਿੱਤੇ ਹਨ ਨਾਲ ਹੀ ਲੋਕਾਂ ਨੂੰ ਵੀ ਵੱਡੀ ਸੁਵਿਧਾ ਦਿੱਤੀ ਹੈ। ਚੋਣ ਕਮਿਸ਼ਨ ਨੇ cVIGIL ਐਪ ਨੂੰ ਪੇਸ਼ ਕੀਤਾ ਹੈ। ਇਸ ਐਪ ਰਾਹੀਂ ਨੇਤਾ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ ਤਾਂ ਲੋਕ ਉਸ ਦੀ ਤਸਵੀਰ ਜਾਂ ਵੀਡੀਓ ਬਣਾ ਕੇ ਚੋਣ ਅਧਿਕਾਰੀਆਂ ਨੂੰ ਭੇਜ ਸਕਦੇ ਹਨ।ਭੂਗੋਲਿਕ ਜਾਣਕਾਰੀ (GIS) ਨਾਲ ਲੈਸ ਇਹ ਐਪ ਸ਼ਿਕਾਇਤਾਂ ਨੂੰ ਜ਼ਿਲ੍ਹਾ ਪੱਧਰ ‘ਤੇ ਬਣੇ ਹੋਏ ਕੰਟਰੋਲ ਰੂਮ ਰਾਹੀਂ ਫਲਾਈਂਗ ਸਕੁਆਇਡ ਟੀਮ ਨੂੰ ਭੇਜਦੀ ਰਹੇਗੀ। ਚੋਣ ਕਮਿਸ਼ਨ ਦਾ ਦਾਅਵਾ ਹੈ ਕਿ 100 ਮਿੰਟਾਂ ਦੇ ਅੰਦਰ-ਅੰਦਰ ਹੱਲ ਕੀਤਾ ਜਾਵੇਗਾ।ਤੁਹਾਨੂੰ ਦੱਸ ਦਈਏ ਕਿ ਇਸ ਐਪ ‘ਚ ਪਹਿਲਾਂ ਤੋਂ ਰਿਕਾਰਡ ਕੀਤੀ ਤਸਵੀਰ ਜਾਂ ਵੀਡੀਓ ਅੱਪਲੋਡ ਨਹੀਂ ਕੀਤੀ ਜਾ ਸਕਦੀ ਇੰਨਾ ਹੀ ਨਹੀਂ ਚੋਣ ਜ਼ਾਬਤੇ ਦੌਰਾਨ ਆਗੂਆਂ ਵੱਲੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਸਤਾਵੇਜ਼ ਵੰਡਣ, ਭ੍ਰਿਸ਼ਟਾਚਾਰ ਤੇ ਵਿਵਾਦਤ ਬਿਆਨਾਂ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ।