ਪੰਜਾਬ ਦੀਆਂ ਗਊਸ਼ਾਲਾ ਹੁਣ ਜੇਲ੍ਹਾਂ ਵਿਚ ਤਬਦੀਲ ਹੋਣ ਜਾ ਰਹੀਆਂ ਹਨ, ਅਤੇ ਜੇਲ੍ਹਾਂ ਦੇ ਕੈਦੀ ਹੁਣ ਗਊਸ਼ਾਲਾ ਵਿਚ ਪੱਠੇ ਪਾਉਂਦੇ ਨਜ਼ਰ ਆਉਣਗੇ, ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਪਲਾਨ ਤਿਆਰ ਕੀਤਾ ਗਿਆ ਹੈ, ਪੰਜਾਬ ਸਰਕਾਰ ਵਲੋਂ ਹੁਣ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚ ਖਾਲੀ ਪਈਆਂ ਜਗ੍ਹਾ ‘ਤੇ ਗਊਸ਼ਾਲਾਵਾਂ ਬਣਾਈਆਂ ਜਾਣਗੀਆਂ।

ਇਸ ਸਬੰਧੀ ਪੰਜਾਬ ਸਰਕਾਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜੇਲਾਂ ਵਿਚ ਬਹੁਤ ਸਾਰੀ ਜਗ੍ਹਾ ਖਾਲੀ ਪਈ ਹੈ ਤੇ ਸਰਕਾਰ ਵਲੋਂ ਵਿਚਾਰ ਕੀਤਾ ਜਾ ਰਿਹਾ ਹੈ ਕਿ ਜੇਲਾਂ ਵਿਚ ਗਊਸ਼ਾਲਾਵਾਂ ਸਥਾਪਿਤ ਕਰ ਦਿੱਤੀਆਂ ਜਾਣ।ਉਥੇ ਕੈਦੀਆਂ ਨੂੰ ਗਊਆਂ ਦੀ ਦੇਖਭਾਲ ਕਰਨ ਲਈ ਕਿਹਾ ਜਾਵੇਗਾ ਅਤੇ ਇਸ ਸੇਵਾ ਨੂੰ ਉਹ ਖੁਸ਼ੀ-ਖੁਸ਼ੀ ਸੰਭਾਲ ਵੀ ਲੈਣਗੇ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਇਹ ਯੋਜਨਾ ਸਿਰੇ ਚੜ੍ਹ ਜਾਂਦੀ ਹੈ ਤਾਂ ਗਊਸ਼ਾਲਾਵਾਂ ਲਈ ਜਗ੍ਹਾ ਦੀ ਕੋਈ ਕਮੀ ਨਹੀਂ ਰਹੇਗੀ ਅਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਵੀ ਪੱਕੇ ਤੌਰ ‘ਤੇ ਹੱਲ ਹੋ ਜਾਵੇਗੀ।ਮੋਹਾਲੀ ਦੀ ਗਊਸ਼ਾਲਾ ‘ਚੋਂ ਪਸ਼ੂ ਦੂਜੀਆਂ ਥਾਵਾਂ ‘ਤੇ ਤਬਦੀਲ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਪਤਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਗੱਲ ਕਰ ਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਜਗ੍ਹਾ ਮੁਹੱਈਆ ਕਰਵਾ ਦੇਣਗੇ, ਜਿਥੇ ਵੱਡੀ ਗਊਸ਼ਾਲਾ ਬਣਾਈ ਜਾ ਸਕੇਗੀ।