ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਮਸ਼ਹੂਰ ਪੰਜਾਬੀ ਹਸਤੀ ਦੀ ਅਚਾਨਕ ਮੌਤ ਹੋ ਗਈ ਹੈ ਜਿਸ ਨਾਲ ਪੰਜਾਬੀ ਭਾਈ ਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਸਰੀ – ਕੈਨੇਡਾ ਦੇ ਸਾਹਿਤਕ ਹਲਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪ੍ਰਸਿੱਧ ਪੰਜਾਬੀ ਸ਼ਾਇਰ ਜੀਵਨ ਰਾਮਪੁਰੀ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਪ੍ਰਸਿੱਧ ਜਰਨੈਲ ਸਿੰਘ ਸੇਖਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਨਾਮੁਰਾਦ ਬੀਮਾਰੀ ਤੋਂ ਪੀੜਤ ਸਨ।
ਬਹੁਤ ਹੀ ਹਸਮੁੱਖ ਅਤੇ ਜ਼ਿੰਦਾਦਿਲ ਇਨਸਾਨ ਜੀਵਨ ਰਾਮਪੁਰੀ ਨੇ ਬੀਸੀ ਦੇ ਸਿੱਖਿਆ ਵਿਭਾਗ ਵਿਚ ਲੰਬਾ ਸਮਾਂ ਸੇਵਾ ਕੀਤੀ ਅਤੇ ਉੱਥੋਂ ਉਚ ਅਹੁਦੇ ਤੋਂ ਸੇਵਾ ਮੁਕਤ ਹੋਏ। ਉਨ੍ਹਾਂ ਕਵਿਤਾ ਦੀ ਹਰ ਸਿਨਫ (ਗ਼ਜ਼ਲ, ਗੀਤ, ਰੁਬਾਈ, ਕਵਿਤਾ) ਵਿਚ ਰਚਨਾ ਕੀਤੀ। ਉਨ੍ਹਾਂ ਦੀਆਂ ਇਕ ਦਰਜਨ ਦੇ ਕਰੀਬ ਕਾਵਿ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਉਨ੍ਹਾਂ ਦੀਆਂ ਚਰਚਿਤ ਪੁਸਤਕਾਂ ਸਨ-ਕੇਰੇ ਬਦਨ ਦੀ ਖੁਸ਼ਬੂ, ਮਹਿਕ ਹਾਂ ਮੈਂ, ਹੰਝੂਆਂ ਵਿਚ ਦਰਦ ਰਲਾ ਕੇ, ਆਦਮੀ ਚੋਂ ਮਨਫ਼ੀ। ਪੰਜਾਬੀ ਤੋਂ ਇਲਾਵਾ ਉਨ੍ਹਾਂ ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਵੀ ਸਾਹਿਤ ਦੀ ਰਚਨਾ ਕੀਤੀ।
ਕੈਨੇਡੀਅਨ ਜ਼ਿੰਦਗੀ ਦਾ ਉਨ੍ਹਾਂ ਨੂੰ ਵਿਸ਼ਾਲ ਅਨੁਭਵ ਸੀ ਅਤੇ ਆਪਣੀ ਸ਼ਾਇਰੀ ਵਿਚ ਵੀ ਉਨ੍ਹਾਂ ਪਰਵਾਸੀ ਜੀਵਨ ਬਾਰੇ ਬਹੁਤ ਕਵਿਤਾਵਾਂ ਲਿਖੀਆਂ। ਉਨ੍ਹਾਂ ਦੀਆਂ ਕਾਵਿ-ਰਚਨਾਵਾਂ ਵਿਚ ਥਾਂ ਥਾਂ ਪਿਆਰ, ਰੁਮਾਂਸ, ਮਾਨਵੀ ਸਰੋਕਾਰ, ਵਿਅੰਗ, ਜਜ਼ਬੇ, ਅਨੁਭਵ, ਕਲਪਨਾ ਦਾ ਸੁਮੇਲ ਹੈ। ਅਰੂਜ਼ ਪਿੰਗਲ ਦਾ ਉਨ੍ਹਾਂ ਨੂੰ ਪੂਰਾ ਗਿਆਨ ਸੀ। ਉਹ ਸਰੀ ਵਿਚ ਹੋਣ ਵਾਲੀਆਂ ਸਾਹਿਤਕ ਇਕੱਤਰਤਾਵਾਂ, ਸਮਾਗਮਾਂ ਦੀ ਸ਼ਾਨ ਸਨ।
ਉਨ੍ਹਾਂ ਦੀ ਮੌਤ ਉਪਰ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ, ਡਾ. ਸਾਧੂ ਸਿੰਘ, ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਸਿੱਧ ਲੇਖਕ ਜੈਤੇਗ ਸਿੰਘ ਅਨੰਤ, ਮੋਹਨ ਗਿੱਲ, ਜਰਨੈਲ ਸਿੰਘ ਆਰਟਿਸਟ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਚਰਨ ਸਿੰਘ, ਪ੍ਰਸਿੱਧ ਸ਼ਾਇਰ ਹਰਭਜਨ ਸਿੰਘ ਮਾਂਗਟ, ਗੁਰਚਰਨ ਟੱਲੇਵਾਲੀਆ, ਪ੍ਰਸਿੱਧ ਗ਼ਜ਼ਲਗੋ ਜਸਵਿੰਦਰ, ਕਵਿੰਦਰ ਚਾਂਦ, ਹਰਦਮ ਸਿੰਘ ਮਾਨ, ਰਾਜਵੰਤ ਰਾਜ, ਗੁਰਮੀਤ ਸਿੱਧੂ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਅੰਗਰੇਜ਼ ਬਰਾੜ, ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਰਣਧੀਰ ਢਿੱਲੋਂ, ਪਰਮਜੀਤ ਸਿੰਘ ਸੇਖੋਂ, ਰੁਪਿੰਦਰ ਰੂਪੀ, ਸੁਰਜੀਤ ਮਾਧੋਪੁਰੀ ਅਤੇ ਹੋਰ ਬਹੁਤ ਸਾਰੇ ਲੇਖਕਾਂ ਨੇ ਦੁੱਖ ਪ੍ਰਗਟ ਕੀਤਾ ਹੈ।
