ਸੰਗਰੂਰ ਦੇ ਪਿੰਡ ਕਨੋਈ ਦੀ ਪੜ੍ਹੀ ਲਿਖੀ ਲੜਕੀ ਆਪਣੇ ਭਰਾ ਤੇ ਪਿਤਾ ਨਾਲ ਮਿਲ ਕੇ ਖੇਤੀ ਕਰ ਰਹੀ ਹੈ। ਉਹ ਖੁਦ ਟਰੈਕਟਰ ਚਲਾਉਂਦੀ ਹੈ। ਇਹ ਲੜਕੀ ਅਮਨਦੀਪ ਕੌਰ ਪਰਾਲੀ ਨੂੰ ਅੱਗ ਲਗਾਉਣ ਦਾ ਵਿਰੋਧ ਕਰਦੇ ਹੋਏ ਕਹਿੰਦੀ ਹੈ ਕਿ ਸਾਨੂੰ ਹੈਪੀ ਸੀਡਰ ਨਾਲ ਖੇਤੀ ਕਰਨੀ ਚਾਹੀਦੀ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਪ੍ਰਦੂਸ਼ਣ ਫੈਲਦਾ ਹੈ। ਜਿਸ ਨਾਲ ਅਨੇਕਾਂ ਹੀ ਬਿਮਾਰੀਆਂ ਪੈਦਾ ਹੁੰਦੀਆਂ ਹਨ। ਜਦੋਂ ਉਹ 10-12 ਸਾਲ ਦੀ ਸੀ ਤਾਂ ਉਸ ਦੇ ਪਿਤਾ ਜੀ ਥੋੜ੍ਹੀ ਖੇਤੀ ਹੈਪੀ ਸੀਡਰ ਨਾਲ ਕਰਦੇ ਸਨ। ਪਰ ਹੁਣ ਤਿੰਨ ਸਾਲਾਂ ਤੋਂ ਉਹ ਸਾਰੀ ਬਿਜਾਈ ਹੈਪੀ ਸੀਡਰ ਨਾਲ ਹੀ ਕਰਦੇ ਹਨ ਅਤੇ ਪਰਾਲੀ ਨੂੰ ਨਹੀਂ ਸਾੜਦੇ। ਇਸ ਤਰ੍ਹਾਂ ਇਹ ਪਰਾਲੀ ਖਾਦ ਦਾ ਕੰਮ ਕਰਦੀ ਹੈ। ਇਸ ਲੜਕੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਅਮਨਦੀਪ ਕੌਰ ਦੇ ਦੱਸਣ ਅਨੁਸਾਰ ਉਸ ਨੇ 10+2 ਕੀਤੀ ਹੋਈ ਹੈ।
ਉਹ ਹੁਣ ਪਟਿਆਲਾ ਵਿਖੇ ਫੂਡ ਪ੍ਰੋਸੈਸਿੰਗ ਦਾ ਕੋਰਸ ਕਰ ਰਹੀ ਹੈ। ਉਹ ਆਈਲੈਟਸ ਵੀ ਕਰ ਚੁੱਕੀ ਹੈ। ਉਸ ਨੂੰ ਕੈਨੇਡਾ ਤੋਂ ਆਫ਼ਰ ਲੈਟਰ ਆਇਆ ਹੋਇਆ ਸੀ। ਪਰ ਉਸ ਨੇ ਇੱਥੇ ਹੀ ਖੇਤੀ ਕਰਨ ਨੂੰ ਤਰਜ਼ੀਹ ਦਿੱਤੀ। ਜਦੋਂ ਉਹ ਇੱਕ ਲੜਕੀ ਹੋ ਕੇ ਅਜਿਹਾ ਕਰ ਸਕਦੀ ਹੈ ਤਾਂ ਲੜਕੇ ਕਿਉਂ ਨਹੀਂ ਕਰ ਸਕਦੇ। ਉਸ ਦਾ ਪਾਲਣ ਪੋਸ਼ਣ ਉਸ ਦੇ ਪਰਿਵਾਰ ਨੇ ਲੜਕੀਆਂ ਵਾਂਗ ਕੀਤਾ ਹੈ। ਅਮਨਦੀਪ ਕੌਰ ਦੇ ਪਿਤਾ ਦੇ ਦੱਸਣ ਅਨੁਸਾਰ ਉਨ੍ਹਾਂ ਕੋਲ 40-45 ਏਕੜ ਜ਼ਮੀਨ ਹੈ। ਤਿੰਨ ਸਾਲਾਂ ਤੋਂ ਅਮਨਦੀਪ ਕੌਰ ਹੀ ਬਿਜਾਈ ਕਰਵਾ ਰਹੀ ਹੈ। ਉਹ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ। ਉਨ੍ਹਾਂ ਕੋਲ ਦੋ ਟਰੈਕਟਰ ਹਨ। ਇੱਕ ਟਰੈਕਟਰ ਨੂੰ ਉਨ੍ਹਾਂ ਦੀ ਬੇਟੀ ਚਲਾਉਂਦੀ ਹੈ। ਅਮਨਦੀਪ ਕੌਰ ਨੇ 20-25 ਏਕੜ ਜ਼ਮੀਨ ਦੀ ਬਿਜਾਈ ਖੁਦ ਕੀਤੀ ਹੈ।
ਅਮਨਦੀਪ ਦੇ ਦਾਦੇ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੇ ਉਨ੍ਹਾਂ ਨੂੰ ਹੈਪੀ ਸੀਡਰ ਨਾਲ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਹੈ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਸਲਾਹ ਦਿੱਤੀ ਹੈ। ਜਿਸ ਨਾਲ ਉਹ ਸਹਿਮਤ ਹਨ। ਇਸ ਨਾਲ ਫਸਲ ਦਾ ਝਾੜ ਵੀ ਵਧੀਆ ਮਿਲ ਰਿਹਾ ਹੈ। ਉਨ੍ਹਾਂ ਨੂੰ ਇਸ ਲੜਕੀ ਤੇ ਮਾਣ ਹੈ। ਖੇਤੀਬਾੜੀ ਅਧਿਕਾਰੀ ਨੇ ਦੱਸਿਆ ਹੈ ਕਿ ਜਿਹੜੇ ਲੋਕ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਸਰਕਾਰ ਵੱਲੋਂ ਉਨ੍ਹਾਂ ਨੂੰ ਵੀਆਈਪੀ ਕਾਰਡ ਦਿੱਤਾ ਜਾਂਦਾ ਹੈ। ਜਦੋਂ ਇਹ ਕਿਸਾਨ ਸਰਕਾਰੀ ਅਦਾਰਿਆਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਾਣ ਸਨਮਾਨ ਮਿਲਦਾ ਹੈ ਅਤੇ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਂਦੇ ਹਨ। ਉਹ ਡਿਪਟੀ ਕਮਿਸ਼ਨਰ ਨੂੰ ਸਿਫਾਰਿਸ਼ ਕਰਨਗੇ ਕਿ ਅਮਨਦੀਪ ਕੌਰ ਨੂੰ ਵੀ ਇਹ ਕਾਰਡ ਜਾਰੀ ਕੀਤਾ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
