Home / Viral / ਅਸਟ੍ਰੇਲੀਆ ਜਾਕੇ ਪੰਜਾਬੀ ਪਤੀ ਪਤਨੀ ਭਟਕ ਰਹੇ ਨੇ PR ਵਾਸਤੇ

ਅਸਟ੍ਰੇਲੀਆ ਜਾਕੇ ਪੰਜਾਬੀ ਪਤੀ ਪਤਨੀ ਭਟਕ ਰਹੇ ਨੇ PR ਵਾਸਤੇ

ਤੜਕੇ ਦੇ ਚਾਰ ਵੱਜ ਰਹੇ ਸਨ। ਦਿਨ ਚੜ੍ਹਨ ਤੋਂ ਪਹਿਲਾਂ ਹਨ੍ਹੇਰਾ ਹੋਰ ਸੰਘਣਾ ਹੋ ਗਿਆ ਸੀ।ਮੇਰੇ ਹੱਥੀਂ ਲਾਲ ਚੂੜਾ ਸੀ। ਜਿਨ੍ਹਾਂ ਦਿਨਾਂ ਵਿੱਚ ਨਵ-ਵਿਅ੍ਹਾਂਦੜ ਨੂੰ ਲੋਕੀਂ ਚੁੱਲ੍ਹਾ-ਚੌਂਕਾ ਨਹੀਂ ਕਰਨ ਦਿੰਦੇ, ਉਨ੍ਹੀ ਦਿਨੀਂ ਮੈ ਆਪਣੇ ਪਤੀ ਹਰਮਨ ਨਾਲ ਆਸਟ੍ਰੇਲੀਆ ਦੇ ਇੱਕ ਫਾਰਮ ਅੱਗੇ ਮਜ਼ਦੂਰੀ ਦਾ ਕੰਮ ਮੰਗਣ ਲਈ ਖੜ੍ਹੀ ਸੀ।ਸਾਡਾ ਦਾ ਇੱਕ ਰਿਸ਼ਤੇਦਾਰ ਸਾਨੂੰ ਆਪਣੀ ਡਿਊਟੀ ਜਾਂਦੇ ਸਮੇਂ ਮੈਲਬਰਨ ਤੋਂ ਬਾਹਰ ਫਾਰਮਾਂ ਅੱਗੇ ਛੱਡ ਗਿਆ ਸੀ।ਅਸੀਂ ਦੋ ਘੰਟੇ ਸੂਰਜ ਚੜ੍ਹਨ ਦੀ ਉਡੀਕ ਕਰਦੇ ਰਹੇ। ਦਿਨ ਦੇ ਚੜ੍ਹਾਅ ਨਾਲ ਅਸੀਂ ਇੱਕ ਫ਼ਾਰਮ ਤੋਂ ਦੂਜੇ ਤੱਕ ਕੰਮ ਮੰਗਣ ਜਾਂਦੇ ਰਹੇ।ਭੁੱਖਣ-ਭਾਣਿਆਂ ਦੀ 6 ਘੰਟੇ ਲੰਬੀ ਜੱਦੋ-ਜਹਿਦ ਦੇ ਬਾਵਜੂਦ ਸਾਨੂੰ ਕਿਸੇ ਨੇ ਕੰਮ ਨਹੀਂ ਦਿੱਤਾ।

ਆਖਰ ਥੱਕ ਹਾਰ ਕੇ ਅਸੀਂ ਮੁੜਨ ਦਾ ਫ਼ੈਸਲਾ ਲਿਆ। ਸਾਨੂੰ ਨਹੀਂ ਪਤਾ ਸੀ ਕਿ ਘਰ ਵਾਪਸ ਕਿਵੇਂ ਜਾਣਾ ਹੈ।ਰੇਲਵੇ ਸਟੇਸ਼ਨ ਕਿੱਥੇ ਹੈ? ਨਾ ਸਾਡੇ ਕੋਲ ਟਿਕਟ ਦੇ ਪੈਸੇ ਸਨ ਤੇ ਨਾ ਦੀ ਸਾਨੂੰ ਰਾਹ ਪਤਾ ਸੀ।ਅਸੀਂ ਅੰਦਾਜ਼ੇ ਨਾਲ ਹਾਈਵੇਅ ਉੱਤੇ ਪੈਦਲ ਤੁਰਨ ਲੱਗੇ। ਭਾਵੇਂ ਕਿ ਇੱਥੇ ਹਾਈਵੇਅ ਉੱਤੇ ਕੋਈ ਪੈਦਲ ਨਹੀਂ ਤੁਰਦਾ।ਇਕ ਗੋਰੀ ਨੇ ਕਾਰ ਵਿੱਚੋਂ ਸਾਨੂੰ ਦੋਵਾਂ ਨੂੰ ਤੁਰਦਿਆਂ ਦੇਖਿਆ। ਉਹ ਘੰਟੇ ਡੇਢ-ਘੰਟੇ ਬਾਅਦ ਆਪਣਾ ਕੰਮ ਕਾਰ ਕਰਕੇ ਵਾਪਸ ਮੁੜੀ ਤਾਂ ਉਸ ਨੇ ਸਾਨੂੰ ਮੁੜ ਹਾਈਵੇਅ ਉੱਤੇ ਤੁਰਦਿਆਂ ਦੇਖ ਕੇ ਗੱਡੀ ਰੋਕ ਲਈ । ਉਸ ਗੋਰੀ ਨੇ ਕਾਰ ਰੋਕੀ ਅਤੇ ਸਾਨੂੰ ਪੈਦਲ ਤੁਰਨ ਦਾ ਕਾਰਨ ਪੁੱਛਿਆ ਅਤੇ ਸਾਡੀ ਵਿਥਿਆ ਸੁਣ ਕੇ ਲਿਫਟ ਦੇ ਕੇ ਘਰ ਪਹੁੰਚਾਇਆ।

ਪੰਜਾਬ ਤੋਂ ਵਿਦੇਸ਼ ਲਈ ਸਭ ਤੋਂ ਵੱਧ ਪਰਵਾਸ ਕਰਨ ਵਾਲੇ ਦੁਆਬੇ ਦੇ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਤੋਂ ਅਸੀਂ ਨਵੇਂ-ਨਵੇਂ ਮਈ 2009 ਵਿੱਚ ਆਸਟ੍ਰੇਲੀਆ ਆਏ ਸੀ।ਮੈਂ ਸੱਜਦੇ ਪੁੱਜਦੇ ਜ਼ਿੰਮੀਦਾਰ ਪਰਿਵਾਰ ਦੀ ਧੀ ਸੀ, ਹਰਮਨ ਵੀ ਚੰਗੇ ਘਰ ਦਾ ਮੁੰਡਾ ਹੈ।ਅਸੀਂ ਦੋਵੇਂ ਵਿਦੇਸ਼ੀਂ ਵੱਸਦੇ ਆਪਣੇ ਰਿਸ਼ਤੇਦਾਰਾਂ ਵਾਂਗ ਵਿਦੇਸ਼ ਜਾਣ ਲਈ ਕਰੇਜ਼ੀ ਸੀ।ਹਰਮਨ ਦੀ ਤਿੰਨ ਵਾਰ ਇੰਗਲੈਂਡ ਜਾਣ ਲਈ ਵੀਜ਼ਾ ਅਰਜ਼ੀ ਰੱਦ ਹੋ ਚੁੱਕੀ ਸੀ।ਉਸ ਕੋਲ ਵਿਦੇਸ਼ ਪਹੁੰਚਣ ਦਾ ਇੱਕ ਤਰੀਕਾ ਇਹੀ ਬਚਦਾ ਸੀ ਕਿ ਉਸਦਾ ਵਿਆਹ ਇੱਕ ਅਜਿਹੀ ਕੁੜੀ ਨਾਲ ਹੋ ਜਾਵੇ ਜੋ ਆਇਲੈੱਟਸ ਪਾਸ ਕਰਕੇ ਸਟੱਡੀ ਵੀਜ਼ੇ ਉੱਤੇ ਵਿਦੇਸ਼ ਜਾਵੇ ਅਤੇ ਉਸ ਦੇ ਪਤੀ ਵਜੋਂ ਉਹ ਵੀ ਨਾਲ ਚਲਾ ਜਾਵੇ।ਹਰਮਨ ਦਾ ਜੀਜਾ ਮੇਰੇ ਪਾਪਾ ਨੂੰ ਇੱਕ ਦਿਨ ਸਬੱਬ ਨਾਲ ਦੋਵਾਂ ਦੇ ਸਾਂਝੇ ਦੋਸਤ ਦੀ ਦੁਕਾਨ ਉੱਤੇ ਮਿਲ ਗਿਆ।

ਉਸ ਨੇ ਆਪਣੇ ਸਾਲ਼ੇ ਲਈ ਆਈਲੈੱਟਸ ਪਾਸ ਕੁੜੀ ਦੀ ਆਪਣੀ ਭਾਲ ਦੀ ਗੱਲ ਸਾਂਝੀ ਕੀਤੀ ਤਾਂ ਉੱਥੇ ਪਾਪਾ ਦੇ ਮੌਜੂਦ ਹੋਣ ਕਾਰਨ ਮੇਰੇ ਵਲੋਂ ਉਨ੍ਹੀ ਦਿਨੀਂ ਆਈਲੈੱਟਸ ਪਾਸ ਕਰਨ ਦੀ ਗੱਲ ਹੋ ਗਈ । ਬਸ! ਫੇਰ ਕੀ ਸੀ.. ਰਿਸ਼ਤੇ ਦੀ ਗੱਲ ਤੁਰੀ ਪਈ ਅਤੇ ਮੇਰਾ ਤੇ ਹਰਮਨ ਦਾ ਰਿਸ਼ਤਾ ਤੈਅ ਹੋ ਗਿਆ।ਮੇਰੀ ਉਮਰ ਅਜੇ 18 ਸਾਲ ਪੂਰੀ ਨਹੀਂ ਸੀ ਹੋਈ। ਇਸ ਲਈ ਜਿਵੇਂ ਹੀ ਮੈਂ 14 ਜਨਵਰੀ 2009 ਨੂੰ 18 ਸਾਲ ਦੀ ਹੋਈ ਤਾਂ ਸਾਡਾ ਫਰਵਰੀ ਮਹੀਨੇ ਵਿੱਚ ਵਿਆਹ ਹੋ ਗਿਆ।ਹਰਮਨ ਦੇ ਪਰਿਵਾਰ ਵਾਲਿਆਂ ਨੇ ਨਾ ਸਾਥੋਂ ਦਾਜ ਲਿਆ ਅਤੇ ਨਾ ਕੋਈ ਮੰਗ ਪੂਰੀ ਕਰਵਾਈ। ਉਲਟਾ ਮੇਰੀ ਪੜ੍ਹਾਈ ਸਣੇ ਦੋਵਾਂ ਦੇ ਆਸਟ੍ਰੇਲੀਆ ਜਾਣ ਦੇ ਖ਼ਰਚੇ ਦਾ ਅੱਠ ਲੱਖ ਰੁਪਏ ਵੀ ਅਦਾ ਕੀਤੇ।

ਅਸੀਂ ਦੋਵਾਂ ਨੇ ਆਸਟ੍ਰੇਲੀਆ ਆ ਕੇ ਪਿਛਲੇ ਨੌਂ ਸਾਲਾਂ ਵਿੱਚ ਲੱਖਾਂ ਡਾਲਰ ਕਮਾਏ ਪਰ ਖੂਹ ਦੀ ਮਿੱਟੀ ਖੂਹ ਨੂੰ ਲੱਗਦੀ ਰਹੀ।ਅਸੀਂ ਦੋਵਾਂ ਨੇ ਦਿਨ-ਰਾਤ ਇੱਕ ਕਰਕੇ ਮਿਹਨਤ ਮਜ਼ਦੂਰੀ ਕੀਤੀ ਪਰ ਅੱਜ ਵੀ ਸਾਡੇ ਪੱਲੇ ਕੱਖ ਨਹੀਂ ਹੈ।ਜਦੋਂ ਅਸੀਂ ਆਸਟ੍ਰੇਲੀਆ ਆਏ ਸੀ ਤਾਂ ਨਵੇਂ ਮੁਲਕ ਵਿੱਚ ਆ ਕੇ ਸਾਨੂੰ ਆਪਣੇ ਸੁਪਨੇ ਸਾਕਾਰ ਹੋਣ ਦੀ ਆਸ ਸੀ।ਇਹ ਸੁਪਨੇ ਇੰਨੇ ਦੁੱਖ ਅਤੇ ਮਿਹਨਤ ਨਾਲ ਪੂਰੇ ਹੋਣੇ ਸਨ, ਇਸਦਾ ਅੰਦਾਜ਼ਾ ਨਹੀਂ ਸੀ। ਨੌਂ ਸਾਲ ਬਾਅਦ ਵੀ ਸਾਨੂੰ ਪੀਆਰ ਨਹੀਂ ਮਿਲ ਸਕੀ ਕਿਉਂਕਿ ਇਮੀਗਰੇਸ਼ਨ ਦੇ ਕਾਨੂੰਨ ਬਦਲਣ ਨਾਲ ਮੇਰੇ ਆਈਲੈੱਟਸ ਦੇ ਬੈਂਡ ਨਹੀਂ ਆ ਰਹੇ ਸਨ।ਮੈਂ ਨੌਂ ਸਾਲਾਂ ਵਿੱਚ 6 ਵਾਰ ਆਈਲੈੱਟਸ ਦਾ ਪੇਪਰ ਦਿੱਤਾ,

ਤਿੰਨ ਵਾਰ ਭਾਰਤ ਮੈਂ ਸਿਰਫ਼ ਇਹ ਪੇਪਰ ਦੇਣ ਲਈ ਹੀ ਗਈ।ਤੁਸੀਂ ਸੋਚ ਨਹੀਂ ਸਕਦੇ ਕਿ ਜਦੋਂ ਤੁਹਾਡੀ ਜ਼ਿੰਦਗੀ ਆਈਲੈੱਟਸ ਦੇ ਬੈਂਡਜ਼ ਉੱਤੇ ਹੀ ਨਿਰਭਰ ਕਰਦੀ ਹੋਵੇ ਤਾਂ ਉਸਨੂੰ ਹਾਸਲ ਕਰਨ ਲਈ ਇੱਕ ਵਿਦੇਸ਼ ਆਈ ਕੁੜੀ ‘ਤੇ ਕਿੰਨਾ ਦਬਾਅ ਹੁੰਦਾ ਹੈ।ਮੇਰੇ ਉੱਤੇ ਵੀ ਮੇਰੇ ਪਤੀ ਹਰਮਨ ਦਾ ਬਹੁਤ ਦਬਾਅ ਸੀ ਪਰ ਉਹ ਮੇਰਾ ਹੌਸਲਾ ਵੀ ਬਹੁਤ ਵਧਾਉਂਦਾ ਸੀ। ਮੈਨੂੰ ਉਸਦੀ ਹਾਲਤ ਉੱਤੇ ਕਈ ਵਾਰ ਤਰਸ ਆਉਂਦਾ ਹੈ। ਉਹ ਚੰਗੇ ਘਰ ਦਾ ਮੁੰਡਾ ਹੈ ਪਰ ਇੱਥੇ ਆ ਕੇ ਉਸਨੂੰ 50 ਡਾਲਰ ਦੀ ਦਿਹਾੜੀ ਉੱਤੇ ਕਾਰਾਂ ਧੋਣ ਦੀ 12 ਘੰਟੇ ਲੰਬੀ ਸ਼ਿਫਟ ਕਰਨੀ ਪਈ। ਉਸਦੀ ਮਜਬੂਰੀ ਦਾ ਕਾਰ ਵਾਸ਼ਿੰਗ ਸੈਂਟਰ ਦੇ ਭਾਰਤੀ ਮਾਲਕ ਨੇ ਫ਼ਾਇਦਾ ਚੁੱਕਿਆ ਅਤੇ ਪੈਸੇ ਵੀ ਤਰਲੇ ਕਢਵਾ ਕੇ ਦਿੰਦਾ ਰਿਹਾ।

ਤੁਸੀਂ ਸੋਚੋ ਕਿ ਮੈਂ ਵੀ ਸੱਜਦੇ ਪੁੱਜਦੇ ਜਿਮੀਂਦਾਰਾਂ ਦੀ ਕੁੜੀ ਹਾਂ ਤੇ ਇੱਥੇ ਆ ਕੇ ਜਦੋਂ ਕੰਮ ਨਹੀਂ ਮਿਲ ਰਿਹਾ ਸੀ ਤਾਂ ਮੈਨੂੰ ਪਹਿਲੇ ਦਿਨ ਜਦੋਂ ਕਿਸੇ ਦੇ ਘਰ ਸਫ਼ਾਈ ਕਰਨ ਲਈ ਕਾਲ ਆਈ ਤਾਂ ਮੈਂ ਕਿੰਨੀ ਖੁਸ਼ ਹੋਈ ਸੀ।ਜਦੋਂ ਅਸੀਂ ਆਸਟ੍ਰੇਲੀਆ ਆਏ ਸੀ ਤਾਂ ਸਾਨੂੰ ਪਤਾ ਨਹੀਂ ਸੀ ਕਿ ਕਿਸ ਤਰ੍ਹਾਂ ਦੇ ਕੋਰਸ ਨਾਲ ਪੀਆਰ ਛੇਤੀ ਮਿਲ ਜਾਂਦੀ ਹੈ। ਜਿਨ੍ਹਾਂ ਰਿਸ਼ਤੇਦਾਰਾਂ ਦੇ ਦਮ ‘ਤੇ ਸਾਡੇ ਘਰਦਿਆਂ ਨੇ ਸਾਨੂੰ ਭੇਜਿਆ ਸੀ ਉਨ੍ਹਾਂ ਮਹੀਨੇ ਬਾਅਦ ਹੀ ਪਾਸਾ ਵੱਟ ਲਿਆ ਸੀ।ਉਹ ਫ਼ੋਨ ਉੱਤੇ ਹੀ ਆਸਟ੍ਰੇਲੀਆਂ ਤੋਂ ਸਾਡੇ ਪਰਿਵਾਰਾਂ ਨੂੰ ਸ਼ਿਕਾਇਤਾਂ ਲਗਾ ਕੇ ਸਾਡੇ ਉੱਤੇ ਮਾਨਸਿਕ ਦਬਾਅ ਪੁਆ ਦਿੰਦੇ ਸਨ। ਅਸੀਂ ਪੰਜਾਬ ਤੋਂ ਆ ਤਾਂ ਗਏ ਸੀ ਪਰ ਨਾ ਸਾਨੂੰ ਕੰਮ ਮਿਲ ਰਿਹਾ ਸੀ ਅਤੇ

ਨਾ ਕੋਈ ਸਾਡੀ ਮਦਦ ਕਰ ਰਿਹਾ ਸੀ।ਦੋ ਵਾਰ ਘਰਦਿਆਂ ਤੋਂ ਦੋ-ਦੋ ਹਜ਼ਾਰ ਡਾਲਰ ਖ਼ਰਚ ਲਈ ਮੰਗਵਾਉਣੇ ਪਏ।ਜਿੰਨਾ ਮਰਜ਼ੀ ਕਮਾਈ ਜਾਓ ਜਦੋਂ ਤੱਕ ਤੁਸੀਂ ਪੱਕੇ ਨਹੀਂ ਹੁੰਦੇ ਉਦੋਂ ਤੱਕ ਸਾਰੀ ਕਮਾਈ ਕਾਗਜ਼-ਪੱਤਰ ਪੂਰੇ ਕਰਨ ਵਿੱਚ ਲੱਗ ਜਾਂਦੀ ਹੈ।ਅਸੀਂ ਵੀ ਪੜ੍ਹਾਈ ਦੇ ਕੋਰਸਾਂ ਵਿੱਚ ਵਾਰ-ਵਾਰ ਦਾਖ਼ਲੇ ਲਏ ਅਤੇ ਤਿੰਨ ਵਾਰ ਵੀਜ਼ਾ ਦੀ ਮਿਆਦ ਵਧਾਈ।ਇੱਕ ਵਾਰ ਵੀਜ਼ੇ ਦੀ ਮਿਆਦ ਵਧਾਉਣ ਲਈ 12 ਹਜ਼ਾਰ ਡਾਲਰ ਖ਼ਰਚਾ ਆਉਂਦਾ ਹੈ।ਤਿੰਨ ਵਾਰ ਵੀਜ਼ਾ ਵਧਾਉਣ ਲਈ ਖ਼ਰਚੀ ਇਹ ਰਕਮ 18 ਲੱਖ ਰੁਪਏ ਬਣਦੀ ਹੈ। ਇੰਨੇ ਹੀ ਪੈਸੇ ਵੱਖ ਵੱਖ ਕੋਰਸਾਂ ਵਿੱਚ ਦਾਖਲਾ ਲੈਣ ਲਈ ਦੇਣੇ ਪਏ। ਆਈਲੈੱਟਸ ਪਾਸ ਨਾ ਹੋਣ ਅਤੇ ਪੀਆਰ ਨਾ ਮਿਲਣ ਕਾਰਨ ਅਸੀਂ 36 ਲੱਖ ਰੁਪਏ ਇੰਝ ਹੀ ਗੁਆ ਲਏ।

ਹੁਣ ਵੀ ਵੀਜ਼ਾ ਖ਼ਤਮ ਹੋਣ ਵਾਲਾ ਹੈ। ਪਰ ਹੁਣ ਮੇਰੇ ਆਈਲੈੱਟਸ ਦੇ 6.5 ਬੈਂਡ ਆ ਗਏ ਹਨ ਤੇ ਅਸੀਂ ਇਸੇ ਮਹੀਨੇ ਪੀਆਰ ਲਈ ਅਰਜ਼ੀ ਪਾ ਰਹੇ ਹਾਂ।ਇਹ ਹਾਲਤ ਇਕੱਲੀ ਮੇਰੀ ਨਹੀਂ ਹੈ, ਮੈਂ ਬਹੁਤ ਸਾਰੀਆਂ ਕੁੜੀਆਂ ਅਤੇ ਮੁੰਡਿਆਂ ਨੂੰ ਆਪਣੇ ਵਾਲੇ ਹਾਲਾਤ ਨਾਲ ਦੋ-ਚਾਰ ਹੁੰਦੇ ਦੇਖਦੀ ਹਾਂ।ਪਿਛਲੀ ਵਾਰ ਜਦੋਂ ਮੈਂ ਚੰਡੀਗੜ੍ਹ ਆਈਲੈੱਟਸ ਦਾ ਪੇਪਰ ਦੇਣ ਗਈ ਸੀ ਤਾਂ ਉੱਥੇ ਇੱਕ ਕੁੜੀ ਮਿਲੀ, ਜੋ ਪੰਜਵੀਂ ਵਾਰ ਆਈਲੈੱਟਸ ਦਾ ਪੇਪਰ ਦੇਣ ਆਈ ਸੀ। ਉਸਦੀਆਂ ਅੱਖਾਂ ਅਤੇ ਬੁਲ੍ਹਾਂ ‘ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਮੈਨੂੰ ਉਸ ਉੱਤੇ ਪ੍ਰੀਖਿਆ ਪਾਸ ਕਰਨ ਲਈ ਪੈ ਰਹੇ ਦਬਾਅ ਦੇ ਚਿੰਨ੍ਹ ਜਾਪੇ।

ਆਖ਼ਰ ਇੱਕੋ ਹਾਲਾਤ ਵਿੱਚ ਜਿਉਣ ਵਾਲਾ ਬੰਦਾ ਹੀ ਦੂਜੇ ਨੂੰ ਸਮਝ ਸਕਦਾ ਹੈ।ਭਾਵੇਂ ਹੁਣ ਜ਼ਿੰਦਗੀ ਪੈਰਾਂ ਸਿਰ ਹੋ ਗਈ ਹੈ ਪਰ ਕਦੇ ਕਦੇ ਮੈਂ ਸੋਚਦੀ ਹਾਂ ਕਿ ਜ਼ਿੰਦਗੀ ਬੈਂਡਾਂ ਵਿੱਚ ਹੀ ਉਲਝ ਕੇ ਰਹਿ ਗਈ ਹੈ।ਨੌਕਰੀ ਕਰੋ, ਕਾਲਜ ਜਾਓ, ਘਰ ਸੰਭਾਲੋ, ਬੱਚੇ ਦੀ ਦੇਖ-ਭਾਲ ਕਰੋ ਤੇ ਉੱਤੋਂ ਬੈਂਡਾਂ ਦਾ ਸਿਆਪਾ।ਇਹੀ ਕਹਾਣੀ ਹੈ ਆਈਲੈੱਟਸ ਦੇ ਆਧਾਰ ‘ਤੇ ਵਿਆਹ ਕਰਵਾ ਕੇ ਆਈਆਂ ਜ਼ਿਆਦਾਤਰ ਕੁੜੀਆਂ ਦੀ ਅਤੇ ਪਤਨੀਆਂ ਨੂੰ ਪੜ੍ਹਾਈ ਕਰਵਾਉਣ ਵਾਲੇ ਜ਼ਿਆਦਾਤਰ ਪਤੀਆਂ ਦੀ।ਆਪਣਾ ਮੁਲਕ ਚੰਗਾ ਹੈ, ਕਿਸੇ ਨੂੰ ਦੱਸੀਏ ਕਿ ਬਾਹਰਲੇ ਮੁਲਕਾਂ ਵਿੱਚ ਜ਼ਿੰਦਗੀ ਔਖੀ ਹੈ ਤਾਂ ਅਗਲਾ ਅੱਗੋਂ ਕਹਿੰਦਾ ਹੈ ਖ਼ੁਦ ਬੁੱਲੇ ਲੁੱਟੀ ਜਾਂਦੇ ਤੇ ਸਾਨੂੰ ਆਉਣ ਤੋਂ ਵਰਜਦੇ ਹਨ। ਇਸ ਲਈ ਕਿਸੇ ਨੂੰ ਸਲਾਹ ਦੇਣੀ ਵੀ ਔਖੀ ਹੈ।

error: Content is protected !!